ਹਰੀਕੇ ਪੱਤਣ, 4 ਸਤੰਬਰ (ਸੰਜੀਵ ਕੁੰਦਰਾ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵਲੋਂ ਖੇਤਰੀ ਖੋਜ਼ ਅਤੇ ਸਿਖਲਾਈ ਕੇਂਦਰ ਬੂਹ ਵਿਖੇ ਹੜ੍ਹ ਪੀੜਤਾਂ ਦੀ ਮਦਦ ਲਈ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਦੀ ਮੌਜੂਦਗੀ ਵਿਚ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵਿਖੇ ਮੌਜੂਦ ਕਿਸਾਨ ਵੀਰਾਂ ਦੇ ਲਗਪਗ 200 ਪਸ਼ੂਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਇਲਾਜ ਕੀਤਾ ਗਿਆ | ਇਸ ਤੋਂ ਇਲਾਵਾ ਹੜ੍ਹ ਪੀੜਤ ਕਿਸਾਨਾਂ ਲਈ ਆਲ ਫੀਡ ਮਿਲਰ ਐਸੋਸੀਏਸ਼ਨ ਪੰਜਾਬ ਵਲੋਂ ਭੇਜੀ ਗਈ ਪਸ਼ੂ ਖੁਰਾਕ ਕਿਸਾਨ ਵੀਰਾਂ ਨੂੰ ਦਿੱਤੀ ਗਈ | ਕੇ.ਵੀ.ਕੇ. ਤਰਨ ਤਾਰਨ ਵਲੋਂ ਕਿਸਾਨ ਵੀਰਾਂ ਨੂੰ ਮੱਕੀ ਦਾ ਅਚਾਰ ਵੰਡਿਆ ਗਿਆ | ਉੱਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਪਿਛਲੇ ਦਿਨਾਂ ਤੋਂ ਕਿਸਾਨ ਵੀਰਾਂ ਨੂੰ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਬੂਹ ਦਾ ਪਸ਼ੂ ਸ਼ੈੱਡ ਮੁਹੱਈਆ ਕਰਵਾ ਦਿੱਤਾ ਗਿਆ ਸੀ ਤਾਂ ਜੋ ਇਸ ਔਖੇ ਸਮੇਂ ਵਿਚ ਆਪਣੇ ਪਸ਼ੂਆਂ ਦੀ ਸੰਭਾਲ ਕਰ ਸਕਣ | ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਕੇ.ਵੀ.ਕੇ ਦਾ ਸਾਰਾ ਸਟਾਫ ਇਸ ਔਖੀ ਘੜੀ ਵਿਚ ਕਿਸਾਨ ਵੀਰਾਂ ਦੀ ਮਦਦ ਲਈ ਹਰ ਵੇਲੇ ਮੌਜੂਦ ਹੈ | ਡਾ.ਪ੍ਰਭਜੀਤ ਸਿੰਘ ਉੱਪ ਨਿਰਦੇਸ਼ਕ ਸਿਖਲਾਈ ਨੇ ਦੱਸਿਆ ਕਿ ਸਾਡੀ ਟੀਮ ਹੜ੍ਹ ਪ੍ਰਭਾਵਿਤ ਖੇਤਰ ਵਿਚ ਵਿਚਰ ਕੇ ਕਿਸਾਨਾਂ ਨੂੰ ਇਸ ਔਖੀ ਘੜੀ ਵਿਚ ਪਸ਼ੂਆਂ ਅਤੇ ਫਸਲਾਂ ਦੀ ਸੰਭਾਲ ਸਬੰਧੀ ਜਾਗਰੂਕ ਕਰ ਰਹੀ ਹੈ | ਆਲ ਫੀਡ ਮਿਲਰ ਅਸੋਸੀਏਸ਼ਨ,ਪੰਜਾਬ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡੇ ਵਲੋਂ ਵੱਖ-ਵੱਖ ਹੜ੍ਹ ਪੀੜਤ ਕਿਸਾਨਾਂ ਨੂੰ ਪਸ਼ੂ ਖਰਾਕ ਮੁਹੱਈਆ ਕਰਵਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ | ਡਾ.ਪੁਨੀਤ ਮਲਹੋਤਰਾ, ਡਾ.ਅਰੁਨਬੀਰ ਸਿੰਘ, ਡਾ. ਨਵਜੋਤ ਸਿੰਘ ਬਰਾੜ, ਡਾ. ਪ੍ਰਭਜਿੰਦਰ ਸਿੰਘ ਮਾਨ ਅਤੇ ਡਾ. ਸਾਹਿਲ ਨੇ ਆਏ ਹੋਏ ਪਸ਼ੂ ਪਾਲਕਾਂ ਨੂੰ ਹੜ੍ਹਾਂ ਵਿਚ ਪਸ਼ੂਆਂ ਦੀ ਸਿਹਤ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ | ਯੂਨੀਵਰਸਿਟੀ ਤੋਂ ਆਈ ਹੋਈ ਡਾਕਟਰਾਂ ਦੀ ਟੀਮ ਨੇ ਪਸ਼ੂਆਂ ਦਾ ਮੁਆਇਨਾ ਕਰਕੇ ਪਸ਼ੂਆਂ ਦਾ ਇਲਾਜ ਕੀਤਾ | ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਸੰਧੂ, ਸਰਪੰਚ ਇਕਬਾਲ ਸਿੰਘ ਸਿੱਧੂ ਹਰੀਕੇ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਸਰਪੰਚ ਸੋਨੂੰ ਭੁੱਲਰ ਕਿਰਤੋਵਾਲ, ਗੁਰਪ੍ਰੀਤ ਸਿੰਘ ਪਨਗੋਟਾ, ਗੁਰਬਚਨ ਸਿੰਘ ਬੁਰਜ ਦੇਵਾ ਸਿੰਘ ਆਦਿ ਮੌਜੂਦ ਸਨ |