ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 2 ਵਿਅਕਤੀਆਂ ਵਲੋਂ ਘਰ ਉਪਰ ਫਾਇਰਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਭਿੱਖੀਵਿੰਡ ਵਿਖੇ ਸਰਵਣ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਭਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਸਤੰਬਰ ਨੂੰ ਰਾਤ 11 ਵਜੇ ਦੇ ਕਰੀਬ ਉਹ ਸਮੇਤ ਪਰਿਵਾਰ ਰੋਟੀ ਪਾਣੀ ਖਾ ਕੇ ਸੁੱਤੇ ਪਏ ਸੀ ਕਿ ਸਾਡੇ ਗੇਟ ਦੇ ਬਾਹਰ ਗਲੀ ਵਿਚ ਫਾਇਰ ਹੋਣ ਦੀ ਆਵਾਜ਼ ਆਈ ਅਤੇ ਹਨੇਰਾ ਜਿਆਦਾ ਹੋਣ ਕਰਕੇ ਮੈਂ ਡਰਦੇ ਮਾਰੇ ਆਪਣੇ ਘਰ ਦਾ ਬਾਹਰਲਾ ਗੇਟ ਨਹੀਂ ਖੋਲਿਆ ਤਾਂ ਜਦ ਸੁਵੇਰੇ ਉੱਠ ਕੇ ਮੈਂ ਬਾਹਰ ਆਪਣੇ ਘਰ ਦੇ ਗੇਟ ਨੂੰ ਦੇਖਿਆ ਤਾਂ 2 ਫਾਇਰ ਮੇਰੇ ਘਰ ਦੇ ਮੇਨ ਗੇਟ ਵਿਚ, 1 ਫਾਇਰ ਗੇਟ ਉਪਰ ਲੱਗੀ ਗਰਿੱਲ ਵਿਚ ਅਤੇ 1 ਫਾਇਰ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਨੇੜੇ ਕੰਧ ਉਪਰ ਲੱਗਾ ਹੋਇਆ ਦਿਖਾਈ ਦਿੱਤਾ | ਮੇਰੇ ਘਰ ਦੇ ਗੇਟ ਦੇ ਬਾਹਰ ਹੀ ਗਲੀ ਵਿਚੋ ਮੈਨੂੰ 2 ਖੋਲ ਅਤੇ ਇਕ ਟੁੱਟਾ ਹੋਇਆ ਬੁਲਟ ਦਾ ਹਿੱਸਾ ਮਿਲਿਆ ਹੈ | ਇਸ ਘਟਨਾ ਸਬੰਧੀ ਮੈਂ ਆਪਣੇ ਤੌਰ 'ਤੇ ਫਾਇਰ ਕਰਨ ਵਾਲੇ ਵਿਅਕਤੀਆ ਦੀ ਭਾਲ ਕਰਦਾ ਰਿਹਾ ਹਾਂ | ਜੋ ਹੁਣ ਮੈਨੂੰ ਮੇਰੇ ਘਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਵੀਡਿਓ ਰਿਕਾਰਡਿੰਗ ਤੋੋਂ ਪਤਾ ਲੱਗਾ ਹੈ ਕਿ ਮੇਰੇ ਘਰ ਉਪਰ ਫਾਇਰ ਕਰਨ ਵਾਲੇ ਮੁਲਜ਼ਮ ਪਵਨ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਭਿੱਖੀਵਿੰਡ ਅਤੇ ਇਕ ਅਣਪਛਾਤਾ ਵਿਅਕਤੀ ਹੈ | ਵਜ੍ਹਾ ਰੰਜਿਸ਼ ਇਹ ਹੈ ਕਿ ਅੱਜ ਤੋ ਇਕ ਸਾਲ ਪਹਿਲਾ ਪਵਨ ਸਿੰਘ ਉਕਤ ਨੇ ਮੇਰੇ ਘਰ ਦੇ ਮੋਬਾਈਲ ਫੋਨ ਕਰਕੇ ਗਲਤ ਸ਼ਬਦਾਵਲੀ ਵਰਤੀ ਸੀ | ਜਿਸ ਕਰਕੇ ਸਾਡਾ ਇਸ ਨਾਲ ਮਾਮੂਲੀ ਝਗੜਾ ਹੋਇਆ ਸੀ ਅਤੇ ਉਸ ਵਕਤ ਸਾਡਾ ਆਪਸ ਵਿਚ ਜੁਬਾਨੀ ਰਾਜੀਨਾਮਾ ਹੋ ਗਿਆ ਸੀ | ਇਸੇ ਰੰਸ਼ਿਸ ਨੂੰ ਮਨ ਵਿੱਚ ਰੱਖ ਕੇ ਪਵਨ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਦਸਤੀ ਪਿਸਟਲ ਨਾਲ ਮੇਰੇ ਘਰ ਉਪਰ ਸਿੱਧੇ ਫਾਇਰ ਕੀਤੇ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |