ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)-ਜਦੋਂ ਪੂਰੇ ਦੇਸ਼ ਦੀਆਂ ਖੇਤਰੀ ਪਾਰਟੀਆਂ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖਿਲਾਫ਼ ਇਕਜੁੱਟ ਹੋ ਰਹੀਆਂ ਹਨ, ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਵਰਗੇ ਸਵੈ-ਘੋਸ਼ਿਤ ਆਗੂ ਆਪਣੀ ਨਿੱਜੀ ਮਸ਼ਹੂਰੀ ਲਈ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਡੂੰਘੀ ਸਾਜਿਸ਼ ਰਚ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਰਾਜਾਂ ਦੇ ਹੱਕਾਂ ਦੇ ਨਾਂਅ 'ਤੇ ਪੇਸ਼ ਕੀਤਾ ਗਿਆ 'ਨਵਾਂ ਸਿਧਾਂਤ' ਅਸਲ ਵਿਚ ਪੰਜਾਬ ਦੇ ਹੱਕਾਂ ਦਾ ਸੌਦਾ ਕਰਨ ਲਈ ਕੇਂਦਰ ਨਾਲ ਰਚੀ ਇਕ ਮਿਲੀਭੁਗਤ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਨੇ ਪਰਦਾਫਾਸ਼ ਕਰ ਦਿੱਤਾ ਹੈ | ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਇਕ ਗੈਰ-ਰਜਿਸਟਰਡ ਅਤੇ ਨਕਲੀ ਜਥੇਬੰਦੀ ਦੇ ਮੁਖੀ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਹੈਸੀਅਤ ਵਿਚ ਕੌਮੀ ਆਗੂਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਨੁੰਮਾਇੰਦਗੀ ਕਰਨ ਦਾ ਢੌਂਗ ਰਚਿਆ ਹੈ | ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਪਿੱਠ ਵਿਚ ਛੁਰਾ ਮਾਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਤੋਂ ਹੱਕ ਮੰਗਣ ਦੇ ਅਸਲ ਸੰਘਰਸ਼ ਨੂੰ ਛੱਡ ਕੇ ਸਹਿਯੋਗ ਦਾ ਕਮਜ਼ੋਰ ਰਾਗ ਅਲਾਪਿਆ ਹੈ | ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਹੁਣ ਤਾਂ ਕੇਂਦਰ ਨਾਲ ਗਿਆਨੀ ਹਰਪ੍ਰੀਤ ਸਿੰਘ ਘਿਉ ਖਿਚੜੀ ਹਨ ਅਤੇ ਉਨ੍ਹਾਂ ਦੀ ਇਸ ਚਿੱਠੀ ਨਾਲ ਹੁਣ ਤਾਂ ਬਿੱਲੀ ਥੈਲਿਓਾ ਬਾਹਰ ਆ ਗਈ ਹੈ |