ਹਰੀਕੇ ਪੱਤਣ, 27 ਸਤੰਬਰ (ਸੰਜੀਵ ਕੁੰਦਰਾ)- ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨ ਪਰਿਵਾਰਾਂ ਨੂੰ ਨਾਲ ਲੈ ਰਾਸ਼ਟਰੀ ਮਾਰਗ 54 ਬੰਗਾਲੀ ਵਾਲਾ ਪੁੱਲ ਸਥਿਤ ਨਹਿਰਾਂ 'ਤੇ ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜਾਈ ਵਿਚ ਬਿਨਾਂ ਵਿਘਨ ਪਾਏ ਧਰਨਾ ਦਿੱਤਾ ਗਿਆ | ਇਸ ਮੌਕੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਦਰਿਆਵਾਂ ਵਿਚ ਛੱਡੇ ਹੜ੍ਹਾਂ ਦੇ ਪਾਣੀ ਨੇ ਜਿੱਥੇ ਸਾਡੀਆਂ ਮਾਲਕੀ ਜ਼ਮੀਨਾਂ ਤੇ ਬੀਜੀਆਂ ਫਸਲਾਂ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ, ਉੱਥੇ ਕਈ ਕਿਸਾਨਾਂ ਦੀ ਜ਼ਮੀਨ ਵੀ ਹੜ੍ਹ ਦੇ ਪਾਣੀ ਵਿਚ ਰੁੜ ਗਈ | ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਿਆ ਦਾ ਨਹਿਰੀਕਰਨ ਕੀਤਾ ਜਾਵੇ, ਰੇਤਾ ਵੇਚਣ ਦਾ ਅਧਿਕਾਰ ਸਦਾ ਲਈ ਕਿਸਾਨ ਨੂੰ ਦਿੱਤਾ ਜਾਵੇ, ਹੜ੍ਹਾਂ ਦੇ ਪਾਣੀ ਨਾਲ ਬਰਬਾਦ ਹੋਈਆਂ ਜ਼ਮੀਨਾਂ, ਬਰਬਾਦ ਹੋਈਆਂ ਫਸਲਾਂ, ਮਰ ਚੁੱਕੇ ਪਸ਼ੂਆਂ, ਮੋਟਰਾਂ ਅਤੇ ਟਿਊਬਵੈੱਲ ਬੋਰਾਂ ਅਤੇ ਢੱਠੇ ਮਕਾਨਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋ ਸਕੇ | ਇਸ ਧਰਨੇ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਮਿਤੋਜ ਮਾਨ, ਲੱਖਾ ਸਿਧਾਣਾ, ਭਾਨਾ ਸਿੱਧੂ, ਮਨਦੀਪ ਸਿੰਘ ਸਿੱਧੂ ਭਰਾਤਾ ਦੀਪ ਸਿੱਧੂ, ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ, ਭਾਈ ਨਿਰਵੈਰ ਸਿੰਘ ਲਲਿਹਾਂਦੀ ਆਬਜ਼ਰਵਰ ਜ਼ਿਲ੍ਹਾ ਫਿਰੋਜ਼ਪੁਰ, ਸਿੰਦਰਪਾਲ ਕੌਰ ਮੋਗਾ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸਤਨਾਮ ਸਿੰਘ ਬੂਹ ਭਾਰਤੀ ਕਿਸਾਨ ਯੂਨੀਅਨ ਮਝੈਲ, ਨਿਰਭੈ ਸਿੰਘ ਢੁੱਡੀਕੇ ਪ੍ਰਧਾਨ ਕ੍ਰਾਂਤੀ ਕਿਸਾਨ ਯੂਨੀਅਨ ਪੰਜਾਬ, ਸਰਬਜੀਤ ਕੌਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,ਇੰਦਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਰੋਮਨ ਬਰਾੜ ਸਾਂਝਾ ਮੋਰਚਾ ਜ਼ੀਰਾ ਹਰਪਾਲ ਸਿੰਘ ਮੱਖੂ ਨੇ ਧਰਨੇ ਦੌਰਾਨ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਨਾਲਾਇਕੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਇਨ੍ਹਾਂ ਸਰਕਾਰਾਂ ਨੇ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਸਗੋਂ ਜਦ ਵੀ ਕਿਸਾਨਾਂ ਕੋਲ ਆਏ ਤਾਂ ਉਨ੍ਹਾਂ ਦੇ ਜ਼ਖਮਾਂ ਨੂੰ ਖੁਰਚਣ ਹੀ ਆਏ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਐੱਸ.ਡੀ.ਐੱਮ. ਜ਼ੀਰਾ ਹਰਵਿੰਦਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਵੱਡੇ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਾਂਗੇ | ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਤਰਨ ਤਾਰਨ ਵਲੋਂ ਨਿਭਾਈ ਗਈ |