ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)-ਜਗਰਾਉਂ ਵਿਚ ਇਕ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਹੋਈ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ 'ਜੰਗਲ ਰਾਜ' ਵਿਚ ਕਦਮ ਰੱਖ ਚੁੱਕਾ ਹੈ, ਜਿੱਥੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ ਅਤੇ ਉਹ ਜਿੱਥੇ ਤੇ ਜਦੋਂ ਚਾਹੁਣ, ਲੋਕਾਂ ਨੂੰ ਮਾਰ ਦਿੰਦੇ ਹਨ | ਇਸ ਮੌਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵੜਿੰਗ ਨੇ ਤੇਜਪਾਲ ਦੀ ਹੱਤਿਆ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਸ ਦੇ ਕਾਤਲਾਂ ਨੇ ਉਸ ਉੱਪਰ ਐਸ.ਐਸ.ਪੀ. ਜਗਰਾਉਂ ਦੇ ਦਫ਼ਤਰ ਦੇ ਬਿਲਕੁਲ ਨੇੜੇ੍ਹ ਕੀਤਾ ਹਮਲਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸੀ | ਉਨ੍ਹਾਂ ਟਿੱਪਣੀ ਕੀਤੀ ਕਿ ਇਹ ਦਰਸਾਉਂਦਾ ਹੈ ਕਿ ਇਹ ਹੁਣ ਪੰਜਾਬ ਵਿਚ ਇਕ ਆਮ ਗੱਲ ਬਣ ਗਈ ਹੈ, ਜਿਵੇਂ ਕਿ ਇਹ ਪਹਿਲਾਂ ਕਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਹੁੰਦਾ ਸੀ |