ਪੱਟੀ, 31 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਕਿਸਾਨਾਂ ਦਾ ਸਹਾਰਾ ਬਣਦਿਆਂ ਵੱਖ-ਵੱਖ ਜਥੇਬੰਦੀਆਂ ਸੰਪਰਦਾਵਾਂ ਅਤੇ ਪਰਉਪਕਾਰੀ ਸ਼ਖ਼ਸੀਅਤਾਂ ਸੇਵਾ ਵਿਚ ਲੱਗੀਆਂ ਹੋਈਆਂ ਹਨ ਅਤੇ ਵੱਖ-ਵੱਖ ਰੂਪਾਂ ਵਿਚ ਹੜ੍ਹ ਪੀੜਤਾਂ ਦੇ ਦੁੱਖ ਵੰਡਾਉਣ ਲਈ ਸੇਵਾਵਾਂ ਕਰ ਰਹੀਆਂ ਹਨ | ਇਨ੍ਹਾਂ ਸੇਵਾਵਾਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਿਸ਼ੇਸ਼ ਰਾਹਤ ਕਾਰਜ ਕੀਤੇ ਜਾ ਰਹੇ ਹਨ | ਜ਼ਿਲ੍ਹਾ ਤਰਨ ਤਾਰਨ ਦੀ ਪੱਟੀ ਤਹਿਸੀਲ ਵਿਚ ਪੈਂਦੇ ਪਿੰਡ ਕੋਟ ਬੁੱਢਾ ਨੇੜੇ ਹੜ੍ਹਾਂ ਦੇ ਪਾਣੀ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਨੁਕਸਾਨੀ ਗਈ ਸੀ, ਜਿਸ ਨੂੰ ਮੁੜ ਖੇਤੀਯੋਗ ਬਣਾਉਣ ਲਈ ਅੱਜ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਜ਼ਮੀਨ ਪੱਧਰਾ ਕਰਕੇ ਅਤੇ ਕਣਕ ਬੀਜਣ ਦੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ, ਤਾਂ ਜੋ ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ | ਸੰਪਰਦਾਇ ਵਲੋਂ ਕੀਤੇ ਜਾ ਰਹੇ ਇਸ ਸੇਵਾ ਕਾਰਜ ਨੂੰ ਵੱਖ-ਵੱਖ ਹਲਕਿਆਂ ਵਿਚ ਬਹੁਤ ਸਲਾਹਿਆ ਜਾ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪਾਲ ਸਿੰਘ ਸਰਪੰਚ ਬੰਗਲਾਰਾਏ ਨੇ ਦੱਸਿਆ ਕਿ ਬਾਬਾ ਸੁੱਖਾ ਸਿੰਘ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਨੌਜਵਾਨ ਆਪਣੇ ਟਰੈਕਟਰਾਂ ਸਮੇਤ ਸੇਵਾ ਕਰਨ ਲਈ ਪਹੁੰਚ ਰਹੇ ਹਨ ਅਤੇ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਕਰ ਰਹੇ ਹਨ | ਇਸ ਮੌਕੇ ਭੁਪਿੰਦਰ ਸਿੰਘ ਭਾਉਵਾਲ (ਜੇ.ਸੀ.ਬੀ. ਵਾਲੇ), ਜਗਦੀਪ ਸਿੰਘ ਕੋਟ ਬੁੱਢਾ, ਡਾ. ਸੁਖਵਿੰਦਰ ਸਿੰਘ ਦੁਬਲੀ, ਗੁਰਬੀਰ ਸਿੰਘ ਭਾਉਵਾਲ (ਡੇਅਰੀ ਵਾਲੇ), ਠੇਕੇਦਾਰ ਮਨਪ੍ਰੀਤ ਸਿੰਘ ਸਭਰਾ, ਅੰਗਰੇਜ ਸਿੰਘ ਭੰਗਾਲਾ ਅਤੇ ਹੋਰ ਗੁਰਸਿੱਖ ਹਾਜ਼ਰ ਸਨ | ਇਸ ਤੋਂ ਇਲਾਵਾ ਸੰਪਰਦਾਇ ਵਲੋਂ ਰਮਦਾਸ ਇਲਾਕੇ ਵਿਚ ਲੋੜਵੰਦ ਕਿਸਾਨਾਂ ਨੂੰ ਕਣਕ ਦਾ ਬੀਜ ਅਤੇ ਡੀ.ਏ.ਪੀ. ਖਾਦ ਵੰਡੀ ਜਾ ਰਹੀ | ਬਾਬਾ ਸੁੱਖਾ ਸਿੰਘ ਵਲੋਂ ਜਥੇਦਾਰਾਂ ਦੀਆਂ ਡਿਊਟੀਆਂ ਲਗਾ ਕੇ ਪਹਿਲਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋੜਵੰਦ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ | ਹੁਣ ਲਗਾਤਾਰ ਕਿਸਾਨਾਂ ਨੂੰ ਬੀਜ ਅਤੇ ਖਾਦ ਦੀ ਸੇਵਾ ਪਹੁੰਚਾਈ ਜਾ ਰਹੀ ਹੈ |