ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)- ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਤੇ ਖੂਨੀ ਸਾਕਾ ਨਵੰਬਰ 1984 ਦਾ ਕਤਲੇਆਮ ਅੱਜ ਵੀ ਇਕ ਅੱਲਾ ਜ਼ਖ਼ਮ ਹੈ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿਚ ਤਤਕਾਲੀ ਕਾਂਗਰਸ ਸਰਕਾਰ ਨੇ ਹਾਕਮ ਧਿਰ ਦੀ ਸ਼ਹਿ 'ਤੇ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਅਤੇ ਪੀੜਤ ਪਰਿਵਾਰ ਅੱਜ ਵੀ ਇਸ ਖੂਨੀ ਸਾਕੇ ਨੂੰ ਭੁਲਾ ਨਹੀਂ ਪਾ ਰਹੇ, ਜਿਸ ਕਾਰਨ ਸਮੁੱਚੀ ਇਨਸਾਨੀਅਤ ਦਾ ਘਾਣ ਹੋਇਆ ਸੀ ਅਤੇ ਉਹੀ ਕਾਂਗਰਸ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਵੋਟਾਂ ਮੰਗ ਰਹੀ ਪਰੰਤੂ ਪੰਜਾਬ ਦੇ ਲੋਕ ਕਾਂਗਰਸ ਦੀਆਂ ਕਾਲੀਆਂ ਕਰਤੂਤਾਂ ਦਾ ਮੂੰਹ ਤੋੜਵਾ ਜਵਾਬ ਦਿੰਦੇ ਆਏ ਹਨ ਅਤੇ ਦਿੰਦੇ ਰਹਿਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਨ ਤਾਰਨ ਵਿਖੇ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਵਲੋਂ ਰੱਖੀ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰੀ ਜਨਰਲ ਸਕਤੱਰ ਤਰੁਣ ਚੁੱਘ ਵਲੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ | ਇਸ ਮੌਕੇ ਭਾਜਪਾ ਸੀਨੀਅਰ ਲੀਡਰਸ਼ਿਪ ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ, ਪ੍ਰਦੇਸ਼ ਮੀਤ ਪ੍ਰਧਾਨ ਕੇਡੀ ਭੰਡਾਰੀ, ਜ਼ਿਮਨੀ ਚੋਣ ਇੰਚਾਰਜ ਸੁਰਜੀਤ ਕੁਮਾਰ ਜਿਆਣੀ, ਸੀਨੀਅਰ ਅਧਿਕਾਰੀ ਰਾਜੇਸ਼ ਹਨੀ, ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਬੁਰੀ ਤਰਾਂ ਨਾਲ ਮਾਰ ਖਾਂਦਾ ਆ ਰਿਹਾ ਹੈ, ਇਸ ਵੇਲੇ ਪੰਜਾਬ ਦੇ ਹਲਾਤ ਇੰਨੇ ਖ਼ਰਾਬ ਹਨ ਕਿ ਇੰਨੇ ਹਲਾਤ ਅੱਤਵਾਦ ਵੇਲੇ ਵੀ ਖ਼ਰਾਬ ਨਹੀਂ ਸੀ | ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਭਾਜਪਾ ਸ਼ਾਨ ਨਾਲ ਜਿੱਤੇਗੀ |