ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)- ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ, ਜੋ ਆਪਣੇ ਨਵ-ਜਨਮੇ ਦੋਹਤੇ ਨੂੰ ਮਿਲਣ ਲਈ ਕੈਨੇਡਾ ਜਾ ਰਹੇ ਸਨ, ਨੂੰ ਦਿੱਲੀ ਏਅਰਪੋਰਟ 'ਤੇ ਰੋਕ ਲਿਆ ਗਿਆ | ਇਹ ਕਿਸੇ ਆਮ ਯਾਤਰਾ ਜਾਂ ਪ੍ਰਵਾਸੀ ਮੁੱਦੇ ਦਾ ਮਾਮਲਾ ਨਹੀਂ ਹੈ | ਇਹ ਇਕ ਮਾਨਵ ਅਧਿਕਾਰ ਅਤੇ ਇਨਸਾਨੀ ਜਜ਼ਬੇ 'ਤੇ ਡੂੰਘਾ ਸਵਾਲ ਹੈ | ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਨਾਲ ਇਹ ਦਰਸਾ ਰਹੀ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ਦੀ ਇੱਜ਼ਤ ਨਹੀਂ ਕਰਦੀ ਅਤੇ ਇਕ ਨਵਜਨਮੀ ਬੱਚੀ ਅਤੇ ਉਸਦੀ ਨਾਨੀ ਵਿਚਕਾਰ ਮਿਲਾਪ ਵਰਗੀਆਂ ਨਾਜ਼ੁਕ ਪਰਿਵਾਰਕ ਹਾਲਾਤਾਂ 'ਤੇ ਵੀ ਜਬਰਦਸਤ ਦਖ਼ਲ ਅੰਦਾਜ਼ੀ ਕਰਨ ਲਈ ਤਿਆਰ ਹੈ | 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਇਸ ਗੈਰ-ਇਨਸਾਨੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ | ਇਹ ਘਟਨਾ ਸਿਰਫ਼ ਇਕ ਮਾਂ ਦੀ ਯਾਤਰਾ ਰੋਕਣ ਦੀ ਨਹੀਂ, ਬਲਕਿ ਸਪੱਸ਼ਟ ਤੌਰ 'ਤੇ ਸਿੱਖ ਵਿਰੋਧੀ ਨੀਤੀਆਂ ਅਤੇ ਦਬਾਉ ਵਾਲੀ ਹਕੂਮਤੀ ਸੋਚ ਦੀ ਤਾਜ਼ਾ ਉਦਾਹਰਨ ਹੈ | ਮਾਤਾ ਬਲਵਿੰਦਰ ਕੌਰ ਉੱਪਰ ਨਾ ਕੋਈ ਦੋਸ਼, ਨਾ ਕੋਈ ਮਾਮਲਾ, ਨਾ ਕੋਈ ਕਾਨੂੰਨੀ ਪਾਬੰਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰੋਕਣਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਉਸ ਗੁਲਾਮੀ ਭਰੀ ਬਦਲੇ ਦੀ ਕਾਰਵਾਈ ਵਾਲੀ ਅਤੇ ਤਨਾਸ਼ਾਹੀ ਸੋਚ ਨੂੰ ਬੇਨਕਾਬ ਕਰਦਾ ਹੈ, ਜਿਹੜੀ ਸਿੱਖਾਂ ਨਾਲ ਧੱਕੇਸ਼ਾਹੀ ਲਈ ਹਮੇਸ਼ਾਂ ਨਵੀਂਆਂ ਰਾਹਾਂ ਲੱਭਦੀ ਰਹੀ ਹੈ | ਇਹ ਇਨਸਾਨੀ ਹੱਕਾਂ, ਆਜ਼ਾਦੀ ਅਤੇ ਲੋਕਤੰਤਰ 'ਤੇ ਸਿੱਧਾ ਹਮਲਾ ਹੈ | 30-40 ਸਾਲਾਂ ਤੋਂ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਰਾਜਨੀਤੀ ਅੱਜ ਵੀ ਬਦਲੀਆਂ ਸ਼ਕਲਾਂ ਵਿਚ ਜਾਰੀ ਹੈ | ਮਾਤਾ ਬਲਵਿੰਦਰ ਕੌਰ ਨੂੰ ਕੇਵਲ ਇਸ ਲਈ ਰੋਕਿਆ ਗਿਆ ਕਿਉਂਕਿ ਉਹ ਭਾਈ ਅੰਮਿ੍ਤਪਾਲ ਸਿੰਘ ਦੀ ਮਾਂ ਹਨ, ਇਹ ਨਾਂ ਸਿਰਫ਼ ਬਦਲੇ ਦੀ ਕਾਰਵਾਈ ਹੈ, ਬਲਕਿ ਇਹ ਧੌਂਸ, ਡਰ ਅਤੇ ਦਬਾਉ ਰਾਹੀਂ ਸਿੱਖ ਸਮਾਜ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਵੀ ਹੈ | 'ਅਕਾਲੀ ਦਲ ਵਾਰਿਸ ਪੰਜਾਬ ਦੇ' ਸਪੱਸ਼ਟ ਕਰਦਾ ਹੈ ਕਿ ਅਸੀਂ ਇਸ ਗੈਰ-ਲੋਕਤੰਤਰਿਕ, ਸਿੱਖ ਵਿਰੋਧੀ ਅਤੇ ਜ਼ਬਰਦਸਤੀ ਵਾਲੀ ਸਰਕਾਰੀ ਸੋਚ ਦਾ ਡੱਟ ਕੇ ਵਿਰੋਧ ਕਰਾਂਗੇ ਅਤੇ ਇਸ ਮਾਮਲੇ ਨੂੰ ਹਰ ਪੱਧਰ 'ਤੇ ਉਠਾਇਆ ਜਾਵੇਗਾ ਤਾਂ ਜੋ ਇਨਸਾਫ਼ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਹੋ ਸਕੇ |