ਗੱਗੋਮਾਹਲ /ਅਜਨਾਲਾ/ਰਮਦਾਸ 22 ਨਵੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋ, ਜਸਵੰਤ ਸਿੰਘ ਵਾਹਲਾ )-ਰਾਵੀ ਦਰਿਆ 'ਚ ਆਏ ਹੜ੍ਹ ਕਾਰਨ ਕਿਸਾਨਾਂ ਦੇ ਹੋਏ ਪਸ਼ੂ ਧੰਨ ਦੀ ਪੂਰਤੀ ਲਈ ਪ੍ਰੋਗੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਵਲੋਂ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਦਾਣਾ ਮੰਡੀ ਅਵਾਣ ਵਿਖੇ ਇੱਕ ਸਾਦੇ ਸਮਾਗਮ ਦੌਰਾਨ 47 ਕਿਸਾਨਾਂ ਨੂੰ 50 ਮੱਝਾਂ ਦੀ ਵੰਡ ਕੀਤੀ ਗਈ | ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਡੇਅਰੀ ਫਾਰਮਿੰਗ ਦਾ ਧੰਦਾ ਕਰਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ ਜਿਨ੍ਹਾਂ ਵਾਸਤੇ ਉਸ ਸਮੇਂ ਅਚਾਰ, ਵੰਡ, ਫੀਡ, ਤੂੜੀ ਆਦਿ ਦਾ ਐਸੋਸੀਏਸ਼ਨ ਵਲੋਂ ਪ੍ਰਬੰਧ ਕੀਤਾ ਗਿਆ ਸੀ, ਉਸ ਉਪਰੰਤ ਆਮ ਲੋਕਾਂ ਲਈ ਖਾਣ ਪੀਣ ਦੀਆਂ ਵਸਤੂਆਂ ਤੇ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ ਸੀ | ਸਮੇਂ ਦੀ ਨਜਾਕਤ ਨੂੰ ਵੇਖਦਿਆਂ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਛੋਟੇ ਕਿਸਾਨਾਂ ਦੀ ਲੰਬੀ ਮਦਦ ਕਰਨ ਦਾ ਅਸਾਨ ਤਰੀਕਾ ਹੈ ਕਿ ਉਨ੍ਹਾਂ ਨੂੰ ਵਧੀਆ ਦੁਧਾਰੂ ਪਸ਼ੂ ਲੈ ਕੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੇ ਘਰ ਵਿਚ ਪੀਣ ਲਈ ਦੁੱਧ ਆਵੇਗਾ ਤੇ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਹੋ ਸਕੇਗਾ | ਇਸ ਸੋਚ ਨੂੰ ਲੈ ਕੇ ਐਸੋਸੀਏਸ਼ਨ ਵਲੋਂ 47 ਕਿਸਾਨਾਂ ਨੂੰ 52 ਲੱਖ ਦੇ ਕਰੀਬ ਦੇ ਮੁੱਲ ਦੀਆਂ 50 ਮੱਝਾਂ ਦੇਣ ਦਾ ਫੈਸਲਾ ਕੀਤਾ ਗਿਆ | ਇਹ ਮੱਝਾਂ ਤਹਿਸੀਲ ਅਜਨਾਲਾ ਤੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਨੂੰ ਦਿੱਤੀਆਂ ਗਈਆ ਹਨ, 44 ਕਿਸਾਨਾਂ ਨੂੰ ਇੱਕ-ਇੱਕ ਤੇ 3 ਕਿਸਾਨਾਂ ਨੂੰ 2-2 ਮੱਝਾਂ ਦਿੱਤੀਆਂ ਗਈਆਂ ਹਨ | ਮੱਝਾਂ ਵਧੀਆ ਨਸਲ ਦੀਆਂ ਹਨ ਜੋ 12 ਤੋਂ 16 ਲੀਟਰ ਤੱਕ ਦੁੱਧ ਦਿੰਦੀਆਂ ਹਨ | ਐਸੋਸੀਏਸ਼ਨ ਕੋਲ ਜੋ ਫੰਡ ਬਚਿਆ ਹੈ ਉਹ ਲੋੜਵੰਦ ਕਿਸਾਨਾਂ ਤੱਕ ਜਲਦ ਪਹੁੰਚਾ ਦਿੱਤਾ ਜਾਵੇਗਾ | ਉਨ੍ਹਾਂ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਵਕਤ ਖੇਤਰ ਦੇ ਲੋਕਾਂ ਨਾਲ ਖੜ੍ਹਨ ਦਾ ਸਮਾ ਹੈ | ਇਸ ਮੌਕੇ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਅਮਨਦੀਪ ਸਿੰਘ ਮਾਛੀਵਾਹਲਾ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਡਾ. ਜੇ.ਐੱਸ. ਭੱਟੀ, ਬਲਜਿੰਦਰ ਸਿੰਘ ਸਠਿਆਲਾ, ਮਨਜੀਤ ਸਿੰਘ ਮੋਹੀ, ਅਮਰਿੰਦਰ ਸਿੰਘ ਜਲੰਧਰ, ਨਿਰਮਲ ਸਿੰਘ ਬਠਿੰਡਾ, ਕਰਮਜੀਤ ਸਿੰਘ ਮਲੇਰਕੋਟਲਾ, ਹਰਦੀਪ ਸਿੰਘ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਤਰਨ ਤਾਰਨ, ਅਮਨਦੀਪ ਸਿੰਘ ਅੰਮਿ੍ਤਸਰ, ਹਰਪ੍ਰੀਤ ਸਿੰਘ, ਜਸਪਾਲ ਸਿੰਘ ਧੰਗਾਈ, ਨਾਰਜੀਤ ਸਿੰਘ, ਜਗਦੀਪ ਸਿੰਘ, ਹਰਪਾਲ ਸਿੰਘ ਸ਼ਾਹਪੁਰ, ਜਗਜੀਤ ਸਿੰਘ ਸਹਿਸਰਾ, ਰਸ਼ਪਾਲ ਸਿੰਘ ਚਾਟੀਵਿੰਡ, ਸੁਖਜੀਤ ਸਿੰਘ ਮਾਛੀਵਾਹਲਾ, ਗੁਰਬਰਿੰਦਰ ਸਿੰਘ, ਰੰਮੀ ਸ਼ਾਹਪੁਰ, ਸਰਪੰਚ ਹਰਜੀਤ ਸਿੰਘ ਮਾਛੀਵਾਹਲਾ, ਬਚਿੱਤਰ ਸਿੰਘ ਧੰਗਾਈ, ਨਵਦੀਪ ਮਾਛੀਵਾਹਲਾ, ਵਿੱਕੀ ਕੰਬੋਜ, ਤਰਸੇਮ ਸਿੰਘ ਘੋਨੇਵਾਹਲਾ ਆਦਿ ਹਾਜਰ ਸਨ | ਇਸ ਸਮੇ ਇਲਾਕਾਂ ਨਿਵਾਸੀਆ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |