ਝਬਾਲ, 19 ਦਸੰਬਰ (ਸੁਖਦੇਵ ਸਿੰਘ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਮਗਨਰੇਗਾ ਕਾਮਿਆਂ ਦਾ ਰੁਜਗਾਰ ਖੋਹਣ ਲਈ ਮਨਰੇਗਾ ਦਾ ਨਾਂਅ ਬਦਲ ਕੇ 'ਜੀ ਰਾਮ ਜੀ' ਬਿੱਲ ਪਾਸ ਕਰਨ ਦੇ ਵਿਰੋਧ ਵਿਚ ਮਗਨਰੇਗਾ ਵਰਕਰਜ਼ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਜਰਨੈਲ ਸਿੰਘ ਰਸੂਲਪੁਰ ਅਤੇ ਨਰਿੰਦਰ ਸਿੰਘ ਰਟੌਲ ਦੀ ਅਗਵਾਈ ਹੇਠ ਪਿੰਡ ਭੁੱਚਰ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਮਜਦੂਰ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਨਰੇਗਾ ਬਜ਼ਟ ਵਿਚ ਕਟੌਤੀ ਕੀਤੀ ਅਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜਗਾਰ ਗਰੰਟੀ ਐਕਟ (ਮਗਨਰੇਗਾ) ਦੀ ਥਾਂ 'ਤੇ ਪੇਂਡੂ ਰੁਜ਼ਗਾਰ ਬਿੱਲ (ਜੀ ਰਾਮ ਜੀ) ਪਾਸ ਕਰਨ ਦੀ ਨਿਖੇਧੀ ਕਰਦਿਆਂ ਮਨਰੇਗਾ ਸਕੀਮ ਤਹਿਤ ਪੇਂਡੂ ਮਜ਼ਦੂਰ ਨੂੰ ਇਕ ਸਾਲ ਵਿਚ 200 ਦਿਨ ਦਾ ਕੰਮ ਦੇਣ ਅਤੇ ਮਜ਼ਦੂਰ ਦੀ ਦਿਹਾੜੀ 700 ਰੁਪਏ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਗੁਰਪ੍ਰੀਤ ਸਿੰਘ, ਸਲਵਿੰਦਰ ਸਿੰਘ, ਗੁਰਨਾਮ ਸਿੰਘ, ਲੱਖਾ ਸਿੰਘ, ਬੱਬੀ ਚੀਮਾ, ਦਿਲਬਾਗ ਸਿੰਘ ਰਾਜੋਕੇ, ਗੁਰਬੀਰ ਸਿੰਘ ਰਸੂਲਪੁਰ, ਨਵਦੀਪ ਸਿੰਘ, ਰਾਹੁਲ ਦੀਪ ਸਿੰਘ ਆਦਿ ਹਾਜ਼ਰ ਸਨ |