ਤਰਨ ਤਾਰਨ, 19 ਦਸੰਬਰ (ਹਰਿੰਦਰ ਸਿੰਘ)-ਸਰਹਾਲੀ ਰੋਡ 'ਤੇ ਸਿਗਮਾ ਸਕੈਨ ਸੈਂਟਰ ਦੇ ਨਜ਼ਦੀਕ ਇਕ ਈ ਰਿਕਸ਼ਾ ਦਾ ਸੰਤੁਲਨ ਵਿਗੜਨ ਕਾਰਨ ਉਸ ਵਿਚ ਬੈਠੀ ਲੜਕੀ ਦੀ ਮੌਤ ਹੋ ਗਈ, ਜੋ ਕਿ ਦਵਾਈ ਲੈ ਕੇ ਆਪਣੇ ਘਰ ਵਾਪਸ ਆ ਰਹੀ ਸੀ | ਇਸ ਸੰਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਮਿ੍ਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ | ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗਲੀ ਵਰਕਸ਼ਾਪ ਵਾਲੀ ਮੁਹੱਲਾ ਰੋਡੂਪੁਰ ਤਰਨ ਤਾਰਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਘਰੋਂ ਦਵਾਈ ਲੈਣ ਗਈ ਅਤੇ ਦਵਾਈ ਲੈ ਕੇ ਦੁਪਹਿਰੇ ਦੋ ਵਜੇ ਦੇ ਕਰੀਬ ਗੁਰਦੁਆਰਾ ਟੱਕਰ ਸਾਹਿਬ ਸਰਹਾਲੀ ਤੋਂ ਈ ਰਿਕਸ਼ਾ ਵਿਚ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਹੀ ਸੀ | ਜਦ ਈ ਰਿਕਸ਼ਾ ਸਿਗਮਾ ਸਕੈਨ ਸੈਂਟਰ ਦੇ ਨਜ਼ਦੀਕ ਪੁੱਜਾ ਤਾਂ ਉਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਤਾਂ ਰਮਨਦੀਪ ਕੌਰ ਈ ਰਿਕਸ਼ੇ ਵਿਚੋਂ ਡਿੱਗ ਪਈ ਅਤੇ ਉਸ ਦਾ ਸਿਰ ਸੜਕ 'ਤੇ ਵੱਜਣ ਕਰਕੇ ਉਸ ਨੂੰ ਗੰਭੀਰ ਸੱਟ ਲੱਗ ਗਈ | ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ |