ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)-ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਵਲੋਂ 'ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਰਨ ਤਾਰਨ' ਅਧੀਨ ਦੁਸਹਿਰਾ ਗਰਾਊਾਡ ਤਰਨ ਤਾਰਨ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਮੇਲੇ 'ਪੰਜਾਬ ਸਖੀ ਸ਼ਕਤੀ ਮੇਲਾ' ਵਿਚ ਸ਼ੁੱਕਰਵਾਰ ਨੂੰ ਦੂਸਰੇ ਦਿਨ ਵੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੀਆਂ ਤਿੰਨ ਸਟਾਲਾਂ ਲਗਾਈਆਂ ਗਈਆਂ ਹਨ, ਜਿਸ ਵਿਚ ਸਖੀ ਵਨ ਸਟੋਪ ਸੈਂਟਰ, ਬਾਲ ਸੁਰੱਖਿਆ ਯੂਨਿਟ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸ਼ਾਮਿਲ ਹਨ | ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਅਧੀਨ ਇੱਥੇ ਕਿਸ਼ੋਰੀਆਂ ਅਤੇ ਔਰਤਾਂ ਦਾ ਬਿਨਾਂ ਸੈਂਪਲ ਐਚ.ਬੀ./ਅਨੀਮੀਆ ਟੈਸਟ ਕੀਤੇ ਜਾ ਰਹੇ ਹਨ | ਇਸਦੇ ਨਾਲ ਹੀ ਵਿਭਾਗ ਦੁਆਰਾ ਚਲਾਈ ਜਾ ਰਹੀ 'ਪ੍ਰਧਾਨ ਮੰਤਰੀ ਮਤਰੁ ਵੰਧਨ ਯੋਜਨਾ' ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ | ਆਂਗਣਵਾੜੀ ਵਰਕਰਾਂ ਵਲੋਂ ਮੇਲੇ ਵਿਚ ਪਹੁੰਚ ਰਹੇ ਲੋਕਾਂ ਨੂੰ ਵਿਭਾਗ ਵਲੋਂ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਜਾਣੂ ਕਰਵਾਇਆ ਗਿਆ ਜਿਸ ਵਿੱਚ ਮਹਿਲਾਵਾਂ ਨੂੰ 5 ਤੋਂ 6 ਹਜਾਰ ਦੀ ਰਾਸ਼ੀ ਮੁਹਈਆ ਕਰਵਾਈ ਜਾਂਦੀ ਹੈ | ਇਸ ਦੇ ਨਾਲ ਹੀ ਸਖੀ ਵਨ ਸਟੋਪ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ, ਜਿਵੇਂ ਕਿ ਐਮਰਜੈਂਸੀ ਸੇਵਾਵਾਂ, ਪੁਲਿਸ ਸਹਾਇਤਾ, ਸ਼ੈਲਟਰ ਦੀ ਸਹਾਇਤਾ, ਕਾਨੂੰਨੀ ਸਹਾਇਤਾ, ਡਾਕਟਰੀ ਸਹਾਇਤਾ ਅਤੇ ਕਾਉਂਸਲਿੰਗ ਦੀ ਸਹਾਇਤਾ ਬਾਰੇ ਮਹਿਲਾਵਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ | ਇਸਦੇ ਨਾਲ ਹੀ ਮਹਿਲਾਵਾਂ ਦੀ ਸੁਰੱਖਿਆ ਲਈ ਚਲਾਏ ਜਾ ਰਹੇ ਹੈਲਪ ਲਾਈਨ ਨੰਬਰ 181 ਬਾਰੇ ਵੀ ਜਾਗਰੂਕ ਕੀਤਾ ਗਿਆ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਕਿਹਾ ਕਿ ਵਿਭਾਗ ਵਲੋਂ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਪੋਸ਼ਣ ਸਿਹਤ ਲਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ, ਤਾਂ ਜੋ ਮਹਿਲਾਵਾਂ ਸਵੈ-ਨਿਰਭਰ ਹੋ ਸਕਣ ਅਤੇ ਬੱਚੇ ਚੰਗੇ ਸਿੱਖਿਆ ਪ੍ਰਾਪਤ ਕਰਕੇ ਬੁਲੰਦੀਆਂ ਤੱਕ ਪਹੁੰਚ ਸਕਣ |