ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰਾ ਵਿਖੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਈਲਾਇਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਮਹਾਨ ਪ੍ਰਚਾਰਕ ਭਾਈ ਅਮਰਜੀਤ ਸਿੰਘ ਤੇ ਭਾਈ ਦਿਲਬਾਗ ਸਿੰਘ ਧਾਲੀਵਾਲ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸੈਮੀਨਾਰ ਦੀ ਸ਼ੁਰੂਆਤ ਮੂਲ ਮੰਤਰ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਉਨ੍ਹਾਂ ਬੱਚਿਆਂ ਨੂੰ ਚਾਰ ਸਾਹਿਬਜਾਦਿਆ ਦੀ ਸ਼ਹਾਦਤ ਤੋਂ ਜਾਣੂ ਕਰਵਾਉਂਦਿਆਂ ਗੁਰੂ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਕਿਵੇਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜਾਦਿਆਂ ਨੇ ਠੰਡੇ ਬੁਰਜ ਵਿਚ ਰਾਤਾਂ ਕੱਟੀਆਂ ਅਤੇ ਛੋਟੇ ਸਾਹਿਬਜਾਦਿਆਂ ਨੂੰ ਜਦੋਂ ਸੂਬੇ ਦੀ ਕਚਿਹਰੀ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਨਿਡਰ ਹੋ ਕੇ ਉਸਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਵਲੋਂ ਦਿੱਤੇ ਗਏ ਸਾਰੇ ਹੀ ਲਾਲਚਾ ਨੂੰ ਠੁਕਰਾ ਦਿੱਤਾ | ਸਾਹਿਬਜਾਦਿਆਂ ਨੇ ਸੂਬੇ ਦੀ ਇਕ ਵੀ ਗੱਲ ਨਹੀਂ ਮੰਨੀ, ਜੋ ਸਾਡੇ ਧਰਮ ਦੇ ਖਿਲਾਫ ਹੋਵੇ | ਇਸ ਤਰ੍ਹਾਂ ਉਹ ਆਪਣੇ ਧਰਮ ਵਿਚ ਪ੍ਰਪੱਕ ਰਹੇ | ਭਾਈ ਦਿਲਬਾਗ ਸਿੰਘ ਧਾਲੀਵਾਲ ਨੇ ਵੀ ਗੁਰੂ ਇਤਿਹਾਸ ਸਾਂਝਾ ਕੀਤਾ | ਅਖੀਰ ਸਕੂਲ ਪਿੰ੍ਰਸੀਪਲ ਸਲੋਨੀ ਅਰੋੜਾ ਨੇ ਧੰਨਵਾਦ ਕੀਤਾ | ਸਕੂਲ ਦੇ ਮੈਂਬਰ ਇੰਚਾਰਜ ਕੁਲਦੀਪ ਸਿੰਘ ਕੁਹਾੜਕਾ ਤੇ ਤੇਜਿੰਦਰਪਾਲ ਸਿੰਘ ਚਾਵਲਾ ਨੇ ਆਏ ਹੋਏ ਮੁੱਖ ਪ੍ਰਚਾਰਕਾਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |