ਖਡੂਰ ਸਾਹਿਬ, 22 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਕਲਗੀਧਰ ਟਰੱਸਟ ਬੜੂ ਸਾਹਿਬ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਹਰ ਰੋਜ਼ ਦੀ ਤਰ੍ਹਾਂ ਅਕੈਡਮੀ 'ਚ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਗਿਆ | ਉਸ ਤੋਂ ਉਪਰੰਤ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ, ਕਵਿਤਾਵਾਂ ਅਤੇ ਕਵੀਸ਼ਰੀਆਂ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਅਕੈਡਮੀ ਦੇ ਅਧਿਆਪਕਾ ਰਾਜਦੀਪ ਕੌਰ ਵਲੋਂ ਵਿਦਿਆਰਥੀਆਂ ਨੂੰ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ ਗਿਆ | ਉਨ੍ਹਾਂ ਦੱਸਿਆ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਵਲੋਂ ਠੰਢੇ ਬੁਰਜ ਵਿੱਚ ਕੈਦ ਕਰਨ ਤੋਂ ਬਾਅਦ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਇਨ੍ਹਾਂ ਚੱਲ ਰਹੇ ਸ਼ਹੀਦੀ ਦਿਨਾਂ 'ਚ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਲਈ ਪ੍ਰੇਰਿਤ ਕੀਤਾ |