ਤਰਨ ਤਾਰਨ, 23 ਦਸੰਬਰ (ਇਕਬਾਲ ਸਿੰਘ ਸੋਢੀ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਸਮੇਂ ਪ੍ਰਮਾਣੂ ਊਰਜਾ ਬਿੱਲ 2025 (ਸ਼ਾਂਤੀ ਬਿੱਲ) ਪੇਸ਼ ਕਰਕੇ ਬਹੁਤ ਕਾਹਲੀ ਨਾਲ ਪਾਸ ਕਰਨ ਦੇ ਖਿਲਾਫ਼ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਇਲੈਕਟ੍ਰੀਸਿਟੀ ਇੰਪਲਾਈਜ਼ ਅਤੇ ਇੰਜੀਨੀਅਰ ਦੇ ਦੇਸ਼ ਵਿਆਪੀ ਸੱਦੇ 'ਤੇ ਪਾਵਰਕਾਮ ਦੇ ਸਥਾਨਕ ਸਰਕਲ ਦਫ਼ਤਰ ਦੇ ਗੇਟ 'ਤੇ ਇੰਜੀਨੀਅਰ ਐਸੋਸੀਏਸ਼ਨ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਮੈਂਬਰਾਂ ਨੇ ਪ੍ਰਮਾਣੂ ਊਰਜਾ ਬਿੱਲ 2025 ਦੀਆਂ ਕਾਪੀਆਂ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਇੰਜ : ਮਨਪ੍ਰੀਤ ਸਿੰਘ ਏ.ਈ.ਈ., ਇੰਜੀ : ਹਰਪ੍ਰੀਤ ਸਿੰਘ, ਇੰਜੀ: ਤਰਸੇਮ ਕੁਮਾਰ, ਪੂਰਨ ਦਾਸ, ਨਰਿੰਦਰ ਬੇਦੀ, ਰਣਜੀਤ ਸਿੰਘ, ਸੁਖਦੇਵ ਸਿੰਘ ਚਾਹਲ, ਸਿਮਰਨਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵਾਂ ਪ੍ਰਮਾਣੂ ਊਰਜਾ ਬਿੱਲ (ਸ਼ਾਂਤੀ ਬਿੱਲ) ਪਾਸ ਕਰਕੇ ਦੇਸ਼ ਅਤੇ ਨਾਗਰਿਕਾਂ ਦੀ ਸੁਰੱਖਿਆ ਦੇ ਮਹੱਤਵਪੂਰਨ ਮੁੱਦੇ ਨੂੰ ਅੱਖੋਂ-ਪਰੋਖੇ ਕਰਕੇ ਪ੍ਰਮਾਣੂ ਊਰਜਾ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ ਪ੍ਰਮਾਣੂ ਊਰਜਾ ਦੇ ਸਰਕਾਰੀ ਨਿਯੰਤਰਣ ਨੂੰ ਖਤਮ ਕਰ ਦਿੱਤਾ ਹੈ, ਜੋ ਜੋਖਮ ਭਰੀ ਪ੍ਰਮਾਣੂ ਊਰਜਾ ਪ੍ਰਣਾਲੀ ਲਈ ਬੇਹੱਦ ਜ਼ਰੂਰੀ ਸੀ | ਆਗੂਆਂ ਨੇ ਕੇਂਦਰ ਸਰਕਾਰ ਦੀਆਂ ਪੂੰਜੀਪਤੀਆਂ ਦੇ ਹਿੱਤ ਪਾਲਣ ਵਾਲੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਦੀ ਜੋਰਦਾਰ ਨਿੰਦਾ ਕੀਤੀ |