ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਲੋਂ ਅਧਿਆਪਕਾਂ ਦੀ ਡੇਰਾ ਬਾਬਾ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਧਾਰਮਿਕ ਯਾਤਰਾ ਕਰਵਾਈ | ਸਭ ਤੋਂ ਪਹਿਲਾਂ ਅਧਿਆਪਕ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਪਾਵਨ ਧਰਤੀ ਅੰਮਿ੍ਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਇਸ ਤੋਂ ਬਾਅਦ ਉਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਡੇਰਾ ਬਾਬਾ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ | ਇਸ ਅਸਥਾਨ 'ਤੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨੇ ਦੀ ਅਰਪਿਤ ਕੀਤੀ ਗਈ ਪਾਲਕੀ ਸਾਹਿਬ ਦੇ ਵੀ ਦਰਸ਼ਨ ਕੀਤੇ | ਇਸ ਉਪਰੰਤ ਸਟਾਫ਼ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਾਰ ਉਦਾਸੀਆਂ ਦੇ ਦੌਰਾਨ ਪਾਏ ਗਏ ਚੋਲਾ ਸਾਹਿਬ ਦੇ ਦਰਸ਼ਨ ਗੁਰਦੁਆਰਾ ਚੋਲਾ ਸਾਹਿਬ ਵਿਖੇ ਕੀਤੇ | ਉਥੋਂ ਦੇ ਸਿੰਘ ਸਾਹਿਬ ਨੇ ਇਸ ਪਵਿੱਤਰ ਸਥਾਨ ਦਾ ਇਤਿਹਾਸ ਦੱਸਦੇ ਹੋਏ ਦੱਸਿਆ ਕਿ ਇਹ ਚੋਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਸਮੇਂ ਦੌਰਾਨ ਪਹਿਨਿਆ ਸੀ | ਫਿਰ ਇਸ ਉੱਪਰ ਫਾਰਸੀ, ਅਰਬੀ, ਉਰਦੂ ਆਦਿ ਅਨੇਕਾਂ ਭਾਸ਼ਾਵਾਂ ਵਿਚ ਕੁਝ ਸ਼ਬਦ ਉਲੀਕੇ ਗਏ ਸਨ | ਇਸ ਪਵਿੱਤਰ ਚੋਲੇ ਦੀ ਦੇਖ-ਰੇਖ ਹੁਣ ਗੁਰੂ ਜੀ ਦੀ 16ਵੀਂ ਪੀੜ੍ਹੀ ਕਰ ਰਹੀ ਹੈ | ਇਸ ਤੋਂ ਬਾਅਦ ਨੇੜੱ ਹੀ ਇਕ ਗੁਰਦੁਆਰਾ ਸਾਹਿਬ ਜਿੱਥੇ ਅੱਠ ਨੁਕਰਾਂ ਖੂਹ ਬਣਿਆ ਹੈ, ਦੇ ਦਰਸ਼ਨ ਕੀਤੇ ਗਏ | ਇਸ ਨਾਲ ਸਕੂਲ ਦੇ ਅਧਿਆਪਕਾਂ ਨੇ ਵੀ ਡੇਰਾ ਸਾਹਿਬ ਅਸਥਾਨ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ | ਅਧਿਆਪਕਾਂ ਨੂੰ ਕੁਝ ਹੀ ਦੂਰੀ ਤੇ ਪੈਂਦੇ ਕਰਤਾਰਪੁਰ ਸਾਹਿਬ ਬਾਰਡਰ 'ਤੇ ਵੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਵੰਡ ਦੇ ਸਮੇਂ ਨੂੰ ਅਨੁਭਵ ਕੀਤਾ | ਉਨ੍ਹਾਂ ਨੇ ਦੂਸਰੇ ਪਾਸੇ ਪੈਂਦੇ ਪਾਕਿਸਤਾਨ ਨੂੰ ਵੀ ਦੇਖਿਆ, ਜੋ ਕਦੇ ਪੰਜਾਬ ਦਾ ਹੀ ਹਿੱਸਾ ਸੀ | ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਅਧਿਆਪਕਾਂ ਲਈ ਵੀ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ, ਜਿਨ੍ਹਾਂ ਤੋਂ ਕੁਝ ਸਿੱਖਿਆਵਾਂ ਮਿਲ ਸਕਣ ਅਤੇ ਆਪਣੇ ਬੱਚਿਆਂ ਨਾਲ ਉਨ੍ਹਾਂ ਅਨੁਭਵਾਂ ਨੂੰ ਸਾਂਝਾ ਕੀਤਾ ਜਾ ਸਕੇ | ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਨੇ ਦੱਸਿਆ ਕਿ ਹਮੇਸ਼ਾਂ ਬੱਚਿਆਂ ਨੂੰ ਦਰਸ਼ਨ ਕਰਾਉਣ ਲਈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਯਤਨਸ਼ੀਲ ਰਹਿਣ ਵਾਲੇ ਅਧਿਆਪਕਾਂ ਲਈ ਇਹ ਪ੍ਰੋਗਰਾਮ ਬਹੁਤ ਜ਼ਰੂਰੀ ਸੀ |