ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)- ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨ ਬਾਠ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਸਬੀਰ ਕੌਰ ਧਰਮ ਸੁਪਤਨੀ ਪ੍ਰਮਜੀਤ ਸਿੰਘ ਦੇ ਗ੍ਰਹਿ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਬ੍ਰਹਮਪੁਰਾ ਨੇ ਜ਼ੋਨ ਬਾਠ ਕਲਾਂ ਦੇ ਵਰਕਰਾਂ ਅਤੇ ਸੀਨੀਅਰ ਅਕਾਲੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਵਰਕਰਾਂ ਦੀ ਮਿਹਨਤ, ਏਕਤਾ ਅਤੇ ਅਟੁੱਟ ਵਿਸ਼ਵਾਸ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੀ ਪਾਰਟੀ ਰਹੀ ਹੈ ਅਤੇ ਵਰਕਰ ਹੀ ਇਸ ਦੀ ਅਸਲ ਤਾਕਤ ਹਨ | ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਹੋਇਆ | ਉਨ੍ਹਾਂ ਵਰਲਡ ਕਬੱਡੀ ਕੱਪ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ ਖੇਡਾਂ ਦਾ ਕੇਂਦਰ ਬਣਿਆ ਹੋਇਆ ਸੀ, ਪਰ ਅੱਜ ਹਾਲਾਤ ਐਨੇ ਗੰਭੀਰ ਹੋ ਚੁੱਕੇ ਹਨ ਕਿ ਖਿਡਾਰੀਆਂ ਨੂੰ ਜਾਨੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਬੱਡੀ ਕੱਪ ਦੌਰਾਨ ਖਿਡਾਰੀਆਂ ਦੇ ਕਤਲ ਹੋ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਇਸ ਮਾਮਲੇ 'ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਅੰਤ ਵਿਚ ਬ੍ਰਹਮਪੁਰਾ ਨੇ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਵਰਕਰ ਨੂੰ ਮੈਦਾਨ ਵਿਚ ਡੱਟ ਕੇ ਕੰਮ ਕਰਨਾ ਹੋਵੇਗਾ | ਇਸ ਦੌਰਾਨ ਬਾਠ ਕਲਾਂ ਤੋਂ ਬਾਪੂ ਵੱਸਣ ਸਿੰਘ ਬਾਠ, ਲਖਵਿੰਦਰ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਅਮਰਜੀਤ ਸਿੰਘ ਮੈਂਬਰ, ਕੁਲਦੀਪ ਸਿੰਘ ਸਰਪੰਚ ਦੇਊ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਇੰਦਰਜੀਤ ਸਿੰਘ, ਬਿਕਰਮਜੀਤ ਸਿੰਘ ਬਾਠ, ਜਗਤਾਰ ਸਿੰਘ ਵਿਰਕ, ਪਰਮਜੀਤ ਸਿੰਘ ਵਾਲੀਆ, ਬਲਜਿੰਦਰ ਸਿੰਘ ਬਿੱਟੂ, ਨਛੱਤਰ ਸਿੰਘ, ਉਂਕਾਰ ਸਿੰਘ, ਗੁਰਦੀਪ ਸਿੰਘ, ਸੋਨੀ ਬਾਠ ਆੜ੍ਹਤੀਆ, ਧਰਮਿੰਦਰ ਸਿੰਘ, ਬਾਠ ਖੁਰਦ ਤੋਂ ਗੁਰਦਿਆਲ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ,ਸੁਰਜੀਤ ਸਿੰਘ, ਲਾਲ ਸਿੰਘ ਲਾਲੀ, ਬਿੰਦਰ ਸਿੰਘ ਬਾਠ ਖ਼ੁਰਦ ਆਦਿ ਹਾਜ਼ਰ ਸਨ |