ਤਰਨ ਤਾਰਨ, 28 ਦਸੰਬਰ (ਇਕਬਾਲ ਸਿੰਘ ਸੋਢੀ)-ਕਾਰ ਸਵਾਰ ਵਿਅਕਤੀ ਵਲੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਕਾਰ ਸਵਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਕਾਰ ਸਵਾਰ ਵਿਅਕਤੀ ਦੁਰਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ | ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਨਰਿੰਦਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗਰੀਨ ਐਵੀਨਿਊ ਤਰਨ ਤਾਰਨ ਨੇ ਦੱਸਿਆ ਕਿ ਮਿਤੀ 20 ਦਸੰਬਰ 2025 ਸਮਾਂ ਦੁਪਹਿਰ 1 ਵਜੇ ਦੁਪਹਿਰ ਦਾ ਹੋਵੇਗਾ ਕਿ ਮੇਰੇ ਦੋਸਤ ਦਾ ਪਿਤਾ ਕੁਲਵੰਤ ਰਾਏ ਪੁੱਤਰ ਮਨੋਹਰ ਲਾਲ ਆਪਣੇ ਮੋਟਰਸਾਈਕਲ ਹੀਰੋ ਹਾਡਾ ਡੀਲੈਕਸ ਨੰਬਰੀ ਪੀ.ਬੀ. 46 ਪੀ 2246 'ਤੇ ਰੋਹੀ ਪੁਲ ਨਜਦੀਕ ਪਾਰਕਿੰਗ ਦੇ ਪਿਛਲੇ ਪਾਸੇ ਮਿਲਿਆ | ਮੈਂ ਉਸ ਨਾਲ ਗੱਲਬਾਤ ਕਰਨ ਲੱਗਾ, ਕੁਝ ਦੇਰ ਬਾਅਦ ਕੁਲਵੰਤ ਰਾਏ ਮੋਟਰਸਾਈਕਲ 'ਤੇ ਸਵਾਰ ਹੋ ਮੇਰੇ ਅੱਗੇ ਤੁਰ ਪਿਆ ਅਤੇ ਮੈਂ ਆਪਣੀ ਕਾਰ ਲੈ ਕੇ ਉਸ ਦੇ ਮਗਰ ਤੁਰ ਪਿਆ ਜਦ ਅਸੀ ਦਰਬਾਰ ਸਾਹਿਬ ਦੀ ਪਾਰਕਿੰਗ ਤੋਂ ਥੋੜਾ ਜਿਹਾ ਅੱਗੇ ਗਏ ਤਾਂ ਸਾਹਮਣੇ ਤੋਂ ਇਕ ਕਾਰ ਮਾਅਰਕਾ ਗਲੈਂਜਾ ਰੰਗ ਚਿੱਟਾ, ਜਿਸ ਦਾ ਨੰਬਰ ਨਹੀਂ ਵੇਖਿਆ, ਦਾ ਡਰਾਈਵਰ ਬਹੁਤ ਹੀ ਲਾਪ੍ਰਵਾਹੀ ਨਾਲ ਅਤੇ ਤੇਜ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਨੇ ਗਲਤ ਪਾਸੇ ਲਿਆ ਕੇ ਸਿੱਧੀ ਕੁਲਵੰਤ ਰਾਏ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਦੁਰਘਟਨਾ ਕਰਕੇ ਆਪਣੀ ਗੱਡੀ ਭਜਾ ਲੈ ਕੇ ਗਿਆ | ਕੁਲਵੰਤ ਰਾਏ ਦੇ ਸਿਰ ਵਿਚ ਸੱਟ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ, ਜਿਸ ਨੂੰ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ 'ਤੇ ਕੁਲਵੰਤ ਰਾਏ ਨੂੰ ਅੰਮਿ੍ਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਪਰ ਅਸੀਂ ਉਸ ਦੇ ਇਲਾਜ ਲਈ ਉਸਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ | ਮਿਤੀ 26 ਦਸੰਬਰ 2025 ਤੱਕ ਕੁਲਵੰਤ ਰਾਏ ਜੇਰੇ ਇਲਾਜ ਰਿਹਾ, ਡਾਕਟਰਾਂ ਨੇ ਹੁਣ ਕੁਲਵੰਤ ਰਾਏ ਨੂੰ ਸ੍ਰੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ, ਜਿੱਥੇ ਕੁਲਵੰਤ ਰਾਏ ਜੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਅਸੀਂ ਦੁਰਘਟਨਾ ਕਰਨ ਵਾਲੇ ਵਿਅਕਤੀ ਦੀ ਆਪਣੇ ਤੌਰ ਭਾਲ ਕਰਦੇ ਰਹੇ ਹਾਂ, ਪਰ ਉਸ ਦਾ ਪਤਾ ਨਹੀਂ ਲੱਗ ਸਕਿਆ | ਇਸ ਸੰਬੰਧੀ ਏ.ਐਸ.ਆਈ. ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਦਿਆਂ ਅਣਪਛਾਤੇ ਕਾਰ ਸਵਾਰ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ |