21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਗਰ ਨਿਗਮ ਵਲੋਂ ਚਾਂਦ ਸਿਨੇਮਾ ਕੋਲ ਵਿਵਾਦਿਤ ਸਮਾਰਟ ਵੈਂਡਿੰਗ ਜ਼ੋਨ ਬਣਾਉਣਾ ਦਾ ਕੰਮ ਫਿਰ ਸ਼ੁਰੂ

Ad Position 21
No active advertisement
ਅਜੀਤ ਡੈਸਕ 31-08-2025
ਲੁਧਿਆਣਾ, 29 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਚਾਂਦ ਸਿਨੇਮਾ ਕੋਲ ਗ੍ਰੀਨ ਬੈਲਟ ਇਲਾਕੇ 'ਚ ਸਮਾਰਟ ਵੈਡਿੰਗ ਜ਼ੋਨ ਬਣਾਉਣ ਦਾ ਕੰਮ ਅੱਧ ਵਿਚ ਬੰਦ ਕਰ ਦਿੱਤਾ ਸੀ, ਕਿਉਂਕਿ ਇਹ ਵੈਡਿੰਗ ਜ਼ੋਨ ਗ੍ਰੀਨ ਬੈਲਟ ਇਲਾਕੇ ਵਿਚ ਬਣਾਇਆ ਜਾ ਰਿਹਾ ਹੈ, ਜੋ ਕਿ ਨਿਯਮਾਂ ਦੇ ਉਲਟ ਹੈ, ਇਸ ਨੂੰ ਲੈਕੇ ਕੌਂਸਲ ਆਫ਼ ਇੰਜੀਨਿਅਰਸ ਦੇ ਪ੍ਰਧਾਨ ਤੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਕਪਿਲ ਅਰੋੜਾ ਵਲੋਂ ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਕੇਸ ਵੀ ਦਰਜ ਕਰਵਾਇਆ ਗਿਆ ਹੈ, ਜਿਸ ਸਬੰਧੀ ਐਨ.ਜੀ.ਟੀ. ਵਲੋਂ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ, ਪੰਜਾਬ ਪ੍ਰਦੂਸ਼ਣ ਬੋਰਡ ਤੇ ਕੇਂਦਰੀ ਵਾਤਾਵਰਨ ਮੰਤਰਾਲੇ ਦੇ ਨੁਮਾਇੰਦੇ ਸ਼ਾਮਿਲ ਹਨ, ਦੀ ਸਮਾਰਟ ਵੈਡਿੰਗ ਜ਼ੋਨ ਸਬੰਧੀ ਰਿਪੋਰਟ ਤਿੰਨ ਮਹੀਨਿਆਂ ਦੇ ਸਮੇਂ ਅੰਦਰ ਪੇਸ਼ ਕੀਤੀ ਜਾਣੀ ਹੈ, ਪਰ 'ਅਜੀਤ' ਵਿਚ ਇਸ ਮਾਮਲੇ ਨੂੰ ਲੈਕੇ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਤੋਂ ਬਾਅਦ ਨਗਰ ਨਿਗਮ ਵਲੋਂ ਇਸਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਇਹ ਕੰਮ ਬੰਦ ਹੀ ਰਹਿਣਾ ਚਾਹੀਦਾ ਸੀ | ਉਕਤ ਕਥਿਤ ਘਪਲੇ ਵਾਲੇ ਇਸ ਪ੍ਰੋਜੈਕਟ ਨੂੰ ਲੈਕੇ ਇਕ ਵਿਧਾਇਕ ਅਤੇ ਨਗਰ ਨਿਗਮ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਚਰਚਾ ਪੂਰੇ ਜ਼ੋਰਾਂ 'ਤੇ ਹੈ, ਜੇਕਰ ਜਾਂਚ ਕਮੇਟੀ ਇਸ ਸਮਾਰਟ ਵੈਡਿੰਗ ਜ਼ੋਨ ਦੇ ਬਣਾਉਣ ਸਬੰਧੀ ਗੰਭੀਰਤਾ ਅਤੇ ਠੋਸ ਸਬੂਤਾਂ ਦੇ ਆਧਾਰ 'ਤੇ ਜਾਂਚ ਰਿਪੋਰਟ ਪੇਸ਼ ਕਰਦੀ ਹੈ ਤਾਂ ਉਕਤ ਕਥਿਤ ਤੌਰ 'ਤੇ ਵਿਧਾਇਕ ਅਤੇ ਅਧਿਕਾਰੀਆਂ 'ਤੇ ਗਾਜ ਡਿੱਗਣ ਤੈਅ ਹੈ, ਪਰ ਨਗਰ ਨਿਗਮ ਵਲੋਂ ਉਕਤ ਜਾਂਚ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਨਾ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਵਿਚ ਪੂਰੀ ਤੇਜ਼ੀ ਦਿਖਾਈ ਜਾ ਰਹੀ ਹੈ, ਜਿਸ ਕਾਰਨ ਇਹ ਵੀ ਇਕ ਵੱਡਾ ਸਵਾਲ ਬਣਦਾ ਹੈ | ਸੂਤਰਾਂ ਅਨੁਸਾਰ ਨਗਰ ਨਿਗਮ ਵਲੋਂ ਇਹ ਸਮਾਰਟ ਵੈਡਿੰਗ ਜ਼ੋਨ ਬਣਾਉਣ ਦਾ ਪੋ੍ਰਜੈਕਟ ਹੰਬੜਾਂ ਰੋਡ ਵਿਖੇ ਬਣਾਇਆ ਜਾਣਾ ਸੀ, ਜਿਸ ਵਿਚ 1 ਕਰੋੜ 20 ਲੱਖ ਦੀ ਲਾਗਤ ਨਾਲ 200 ਦੇ ਕਰੀਬ ਸ਼ੈੱਡ ਬਣਾਏ ਜਾਣੇ ਸਨ, ਪਰ ਯਕਾਯਕ ਇਹ ਪੋ੍ਰਜੈਕਟ ਨਗਰ ਨਿਗਮ ਵਲੋਂ ਨਿਗਮ ਦੇ ਜ਼ੋਨ ਏ. ਸਥਿਤ ਚਾਂਦ ਸਿਨੇਮਾ ਦੇ ਕੋਲ 500 ਗਜ ਵਿਚ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਮਾਰਟ ਵੈਡਿੰਗ ਜ਼ੋਨ ਪੋ੍ਰਜੈਕਟ ਤਹਿਤ ਜਿੱਥੇ ਪਹਿਲਾਂ 200 ਸ਼ੈੱਡ ਹੰਬੜਾਂ ਰੋਡ ਵਿਖੇ ਬਣਾਏ ਜਾਣੇ ਸਨ, ਹੁਣ ਉਕਤ ਗ੍ਰੀਨ ਬੈਲਟ ਇਲਾਕੇ ਵਿਚ 90 ਸ਼ੈੱਡ ਬਣਾਏ ਜਾ ਰਹੇ ਹਨ, ਪਰ ਲਾਗਤ ਫਿਰ 1 ਕਰੋੜ 20 ਲੱਖ ਰੁਪਏ ਹੀ ਹੈ, ਜਿਸ ਤੋਂ ਸਾਫ਼ ਹੈ ਕਿ ਸ਼ੈੱਡਾਂ ਦੀ ਗਿਣਤੀ ਘੱਟ ਗਈ, ਪਰ ਲਾਗਤ ਉਨ੍ਹੀਂ ਹੀ ਹੈ, ਜੋ ਕਿ ਕਥਿਤ ਤੌਰ 'ਤੇ ਦਾਲ ਵਿਚ ਕਾਲਾ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ | ਇਸ ਪੋ੍ਰਜੈਕਟ ਨੰੂ ਲੈ ਕੇ ਐਨ.ਜੀ.ਟੀ. ਵਿਚ ਕੇਸ ਦਾਇਰ ਕਰਨ ਵਾਲੇ ਕਪਿਲ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਕ ਹੋਰ ਕੇਸ ਵਿਚ ਉਕਤ ਥਾਂ ਨੰੂ ਲੈ ਕੇ ਐਨ.ਜੀ.ਟੀ. ਵਿਚ ਇਕ ਹਲਫ਼ਨਾਮਾ ਵੀ ਦਾਇਰ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਥਾਂ ਗਰੀਨ ਬੈਲਟ ਇਲਾਕੇ ਅਧੀਨ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਕੇਸ ਵਿਚ ਨਗਰ ਨਿਗਮ ਵਲੋਂ ਪਹਿਲਾਂ ਹੀ ਜੋ ਨਕਸ਼ਾ ਐਨ.ਜੀ.ਟੀ. ਵਿਚ ਪੇਸ਼ ਕੀਤਾ ਗਿਆ ਹੈ, ਉਸ ਵਿਚ ਵੀ ਇਹ ਥਾਂ ਗ੍ਰੀਨ ਬੈਲਟ ਦਿਖਾਈ ਗਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਨਗਰ ਨਿਗਮ ਸ਼ਹਿਰ ਵਿਚ ਇਕ ਪਾਸੇ ਸ਼ਹਿਰਵਾਸੀਆਂ ਨੰੂ ਸ਼ਹਿਰ ਨੰੂ ਹਰਾ ਭਰਾ ਰੱਖਣ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸ ਸ਼ਹਿਰ ਦੇ ਗ੍ਰੀਨ ਬੈਲਟ ਇਲਾਕਿਆਂ ਨੰੂ ਖੁਦ ਹੀ ਨਸ਼ਟ ਕਰ ਰਿਹਾ ਹੈ | ਜਦ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਕਸ਼ੇ ਵਿਚ ਉਕਤ ਥਾਂ ਨੰੂ ਗ੍ਰੀਨ ਬੈਲਟ ਸਲੈਸ਼ ਬੀ. ਐਂਡ ਆਰ. ਸ਼ਾਖਾ ਦਾ ਸਟੋਰ ਰੂਮ ਦਿਖਾਇਆ ਗਿਆ ਹੈ | ਉਕਤ ਮਾਮਲੇ ਵਿਚ ਕੀ ਸਚਾਈ ਹੈ, ਇਹ ਤਾਂ ਐਨ.ਜੀ.ਟੀ. ਵਲੋਂ ਬਣਾਈ 3 ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ |
ਨਗਰ ਨਿਗਮ ਦੀ ਅਜਿਹੀ ਕਿਹੜੀ ਮਜਬੂਰੀ ਕਿ ਸਮਾਰਟ ਵੈਂਡਿੰਗ ਜ਼ੋਨ ਦਾ ਕੰਮ ਰਾਤ ਨੂੰ ਵੀ ਕਰਵਾਇਆ ਜਾ ਰਿਹਾ?
ਨਗਰ ਨਿਗਮ ਵਲੋਂ ਸ਼ਹਿਰ ਦੇ ਬਾਕੀ ਵਿਕਾਸ ਕਾਰਜਾਂ ਨੰੂ ਛੱਡ ਕੇ ਚਾਂਦ ਸਿਨੇਮਾ ਕੋਲ ਬਣਾਏ ਜਾ ਰਹੇ ਸਮਾਰਟ ਵੈਡਿੰਗ ਜ਼ੋਨ ਨੂੰ ਜਲਦੀ ਬਣਾਉਣ 'ਚ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਜਦਕਿ ਸ਼ਹਿਰ ਵਿਚ ਬਰਸਾਤੀ ਮੌਸਮ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਤੇ ਸੜਕਾਂ ਵਿਚ ਟੋਏ ਪਏ ਹੋਏ ਹਨ ਹਨ ਤੇ ਸ਼ਹਿਰ ਦੇ ਹੋਰ ਵੀ ਵਿਕਾਸ ਕਾਰਜ ਕਰਵਾਉਣ ਵਾਲੇ ਹਨ, ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਫਿਰ ਨਗਰ ਨਿਗਮ ਦੀ ਅਜਿਹੀ ਕਿਹੜ੍ਹੀ ਮਜ਼ਬੂਰੀ ਹੈ ਕਿ ਵਿਵਾਦਿਤ ਸਮਾਰਟ ਵੈਡਿੰਗ ਜ਼ੋਨ ਨੂੰ ਲੈਕੇ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਨਾ ਕਰਦੇ ਹੋਏ ਰਾਤ-ਦਿਨ ਇਸ ਪ੍ਰੋਜੈਕਟ ਪੂਰਾ ਕਰਨ 'ਚ ਯੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਇੱਥੇ ਸਵਾਲ ਇਹ ਹੈ ਕਿ ਰਾਤ ਨੂੰ ਵੀ ਇਸ ਪ੍ਰੋਜੈਕਟ ਦਾ ਕੰਮ ਕਰਵਾਉਣਾ ਕਿਤੇ ਕਥਿਤ ਤੌਰ 'ਤੇ ਵੱਡੇ ਘੱਪਲੇਬਾਜ਼ੀ ਵੱਲ ਇਸ਼ਾਰਾ ਕਰਦਾ ਹੈ, ਜਿਸਦੀ ਪੁਸ਼ਟੀ ਹੋਣ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਇਸ ਦੇ ਕੰਮ ਨੂੰ ਪੂਰਾ ਕਰਨ ਵਿਚ ਲੱਗਾ ਹੋਇਆ ਜਾਪਦਾ ਹੈ | ਹਾਲਾਂਕਿ ਇਸ ਪੋ੍ਰਜੈਕਟ ਨੰੂ ਲੈਕੇ ਨਗਰ ਨਿਗਮ ਦੇ ਉਚ ਅਧਿਕਾਰੀ ਤੇ ਇਕ ਵਿਧਾਇਕ ਵਲੋਂ ਕਥਿਤ ਤੌਰ 'ਤੇ ਕੀਤੀ ਜਾ ਰਹੀ ਘਪਲੇਬਾਜ਼ੀ ਨੰੂ ਲੁਕਾਉਣ ਲਈ ਉਕਤ ਸਮਾਰਟ ਵੈਡਿੰਗ ਜ਼ੋਨ ਨੰੂ ਰਾਤ-ਦਿਨ ਕੰਮ ਕਰਵਾਉਣ ਦੀ ਚਰਚਾ ਪੂਰੇ ਜੋਰਾਂ 'ਤੇ ਚੱਲ ਰਹੀ ਹੈ, ਬਾਕੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲੀ ਸੱਚਾਈ ਕੀ ਹੈ?

Ad Position 22
No active advertisement
ਪਿਛਲੀ ਖ਼ਬਰ ਝਗੜਾ ਕਰਨ ਵਾਲੇ ਪਿਓ-ਪੁੱਤ 'ਤੇ ਪਰਚਾ ਦਰਜ ਅਗਲੀ ਖ਼ਬਰ ਝਪਟਮਾਰਾਂ ਨੇ ਦੋ ਔਰਤਾਂ ਦੇ ਗਲੇ 'ਚੋਂ ਸੋਨੇ ਦਾ ਲਾਕਟ ਤੇ ਮੰਗਲ ਸੂਤਰ ਝਪਟੇ
Ad Position 24