ਲੁਧਿਆਣਾ, 2 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਨੇ ਨਾਭਾ ਦੀ 51 ਸਾਲਾ ਔਰਤ ਦੀ ਸਫਲ ਸਰਜਰੀ ਕੀਤੀ, ਜਿਸ ਨੂੰ ਬਹੁਤ ਜ਼ਿਆਦਾ ਯੂਟਰਸ ਬਲੀਡਿੰਗ, ਵੱਡਾ ਫਾਇਬਰਾਇਡ ਸੀ | ਉਸ ਦੀਆਂ ਪਹਿਲਾਂ ਤਿੰਨ ਸਰਜਰੀਆਂ ਹੋ ਚੁੱਕੀਆਂ ਸਨ ਅਤੇ ਔਰਤ ਦਾ ਵਜ਼ਨ 156 ਕਿੱਲੋ ਸੀ | ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਦੀ ਮੁਖੀ ਡਾ. ਆਸ਼ਿਮਾ ਤਨੇਜਾ ਨੇ ਕਿਹਾ ਕਿ ਤਕਨੀਕੀ ਤੌਰ 'ਤੇ ਇਹ ਸਰਜਰੀ ਬਹੁਤ ਚੁਣੌਤੀਪੂਰਨ ਸੀ | ਮਰੀਜ਼ ਦੀ ਪਿਛਲੀ ਸਰਜਰੀ ਦੇ ਕਾਰਨ ਬੱਚੇਦਾਨੀ 'ਚ ਬਹੁਤ ਚਿਪਕਣ ਸੀ ਅਤੇ ਜ਼ਿਆਦਾ ਭਾਰ ਕਾਰਨ ਆਪ੍ਰੇਸ਼ਨ ਹੋਰ ਵੀ ਮੁਸ਼ਕਿਲ ਸੀ, ਪਰ ਟੀਮ ਨੇ ਆਪ੍ਰੇਸ਼ਨ ਨੂੰ ਸ਼ੁੱਧਤਾ ਨਾਲ ਪੂਰਾ ਕੀਤਾ | ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਹੌਲੀ-ਹੌਲੀ ਠੀਕ ਹੋ ਗਿਆ ਅਤੇ ਪੰਜਵੇਂ ਦਿਨ ਚੰਗੀ ਹਾਲਤ ਵਿਚ ਘਰ ਭੇਜ ਦਿੱਤਾ ਗਿਆ | ਹਸਪਤਾਲ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਬਹੁਤ ਜ਼ਿਆਦਾ ਭਾਰ ਵਾਲੇ ਮਰੀਜ਼ਾਂ 'ਤੇ ਅਜਿਹੀਆਂ ਸਰਜਰੀਆਂ ਕਰਨ ਲਈ ਅਸਾਧਾਰਨ ਹੁਨਰ, ਤਿਆਰੀ ਅਤੇ ਤਾਲਮੇਲ ਦੀ ਲੋੜ ਹੁੰਦੀ ਹੈ | ਉਨ੍ਹਾਂ ਨੇ ਇਸ ਸਫਲਤਾ ਨੂੰ ਪ੍ਰਾਪਤ ਕਰਨ ਵਿਚ ਡਾ. ਆਸ਼ੀਮਾ ਅਤੇ ਉਨ੍ਹਾਂ ਦੀ ਟੀਮ ਦੀ ਵਚਨਬੱਧਤਾ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ | ਡਾ. ਜੀ. ਐਸ. ਵਾਂਡਰ ਨੇ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ |