ਦੋਹਰੀ ਮਾਰ ਝੱਲ ਰਹੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ-ਕਮਲਜੀਤ ਕੌਰ
ਅਜੀਤ ਡੈਸਕ
07-09-2025
ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)-ਹੜ੍ਹਾਂ ਦੀ ਮਾਰ ਕਾਰਨ ਪੰਜਾਬ ਬਹੁਤ ਹੀ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ | ਅਜਿਹੇ 'ਚ ਸੂਬੇ ਭਰ ਦੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ ਵਲੋਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਦੇ ਨਾਲ ਨਿਭਾਈਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਲੁਧਿਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਲੋਕਾਂ ਦੇ ਨਾਲ ਖੜੀਆਂ ਹਨ, ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜ਼ਿਲਿ੍ਹਆਂ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਆਦਿ ਇਲਾਕਿਆਂ ਦੇ ਵਿਚ 24 ਘੰਟੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸੇਵਾ ਕਰਨ ਵਾਲੀਆਂ ਇਹਨਾਂ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਹੀ ਨਹੀਂ ਮਿਲੀ, ਜਿਸ ਕਾਰਨ ਆਸ਼ਾ ਵਰਕਰਾਂ ਦੂਹਰੀ ਮਾਰ ਝੱਲ ਰਹੀਆਂ ਹਨ | ਇਸ ਨਾਜ਼ੁਕ ਦੌਰ ਵਿਚ ਜੇਕਰ ਆਸ਼ਾ ਵਰਕਰ ਨੂੰ ਤਨਖ਼ਾਹ ਹੀ ਨਹੀਂ ਮਿਲੇਗੀ ਤਾਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰੇਗੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ 10 ਸਤੰਬਰ ਤੱਕ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਾਂ ਦੀਆਂ ਤਨਖ਼ਾਹਾਂ ਪਾਈਆਂ ਜਾਣ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਨੀਤੂ ਬਾਲਾ, ਹਰਪ੍ਰੀਤ ਕੌਰ, ਕੁਸਮ ਲਤਾ, ਸੰਤੋਸ਼ ਕੁਮਾਰੀ, ਕੁਲਜਿੰਦਰ ਕੌਰ, ਪ੍ਰੀਤੀ, ਰਾਜਵੰਤ ਲੁਧਿਆਣਾ ਆਦਿ ਵੀ ਹਾਜ਼ਰ ਸਨ |