ਇਆਲੀ/ਥਰੀਕੇ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਲੰਘੀ 22 ਸਤੰਬਰ ਨੂੰ ਕੇਂਦਰ ਸਰਕਾਰ ਵਲੋਂ ਘਟਾ ਕੇ ਲਾਗੂ ਕੀਤੀ ਗਈਆਂ ਜੀ. ਐਸ. ਟੀ. ਦਰਾਂ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਦੁੱਧ ਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਦੇ ਘਟੇ ਭਾਅ ਦਾ ਐਲਾਨ ਕਰਨ ਤੋਂ ਬਾਅਦ ਦੁਕਾਨਦਾਰ ਤੇ ਗ੍ਰਾਹਕ ਦੋਨੋਂ ਸ਼ਸ਼ੋਪੰਜ ਵਿਚ ਹਨ | ਗਾਹਕ ਘੱਟ ਕੀਮਤ 'ਤੇ ਦੁੱਧ ਦੀ ਮੰਗ ਕਰਦਾ ਹੈ, ਪਰ ਦੁਕਾਨਦਾਰ ਵਲੋਂ ਕੰਪਨੀਆਂ ਵਲੋਂ ਤਾਜ਼ੇ ਦੁੱਧ ਦਾ ਭਾਅ ਨਾ ਘਟਣ ਨੂੰ ਲੈ ਕੇ ਦੋਹਾਂ 'ਚ ਕਈ ਜਗ੍ਹਾ ਤਕਰਾਰ ਵੀ ਹੋ ਜਾਂਦਾ ਹੈ, ਜਿਸ ਨੂੰ ਲੈ ਕੇ ਦੁਕਾਨਦਾਰ ਪ੍ਰੇਸ਼ਾਨ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁੱਧ ਪਹਿਲੇ ਵਾਲੀ ਕੀਮਤ 'ਤੇ ਹੀ ਆ ਰਿਹਾ ਹੈ, ਜਦੋਂ ਕੰਪਨੀ ਕੀਮਤ ਘਟਾ ਕੇ ਦੇਵੇਗੀ ਤਾਂ ਉਹ ਵੀ ਕੀਮਤ ਘੱਟ ਕਰ ਦੇਣਗੇ | ਜਦੋਂ ਇਸ ਬਾਰੇ ਦੁੱਧ ਕੰਪਨੀਆਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਤਾਜ਼ੇ ਦੁੱਧ 'ਤੇ ਕੋਈ ਜੀ. ਐਸ. ਟੀ. ਨਹੀਂ ਲੱਗਦੀ ਸੀ, ਸਿਰਫ਼ ਯੂ. ਐਚ. ਟੀ. ਅਲਟਰਾ-ਹਾਈ ਟੈਂਪਰੇਚਰ ਜਾਂ ਅਲਟਰਾ-ਹੀਟ ਟਰੀਟਮੈਂਟ, ਫੂਡ ਪ੍ਰੋਸੈਸਿੰਗ ਵਿਧੀ, ਜਿਸ ਵਿਚ ਦੁੱਧ ਤੋਂ ਪੈਦਾ ਹੋਣ ਵਾਲੇ ਲੰਬੇ ਸਮੇਂ ਤੱਕ ਚੱਲਣ ਵਾਲੇ ਉਤਪਾਦਾਂ, ਜਿਵੇਂ ਕਿ ਟੈਟਰਾ ਪੈਕ ਦੁੱਧ, ਪਨੀਰ, ਘਿਓ, ਮੱਖਣ, ਪਨੀਰ ਆਦਿ 'ਤੇ 5 ਫ਼ੀਸਦੀ ਜੀ. ਐਸ. ਟੀ. ਲੱਗਦਾ ਸੀ | ਜੀ. ਐਸ. ਟੀ. ਕੌਂਸਲ ਵਲੋਂ ਇਨ੍ਹਾਂ ਉਤਪਾਦਾਂ 'ਤੇ ਜੀ. ਐਸ. ਟੀ. ਘਟਾਈ ਹੈ, ਜਿਸ ਨਾਲ ਯੂ. ਐਚ. ਟੀ. ਅਧੀਨ ਆਉਂਦੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਘਟੀਆਂ ਹਨ, ਨਾ ਕਿ ਤਾਜ਼ੇ ਦੁੱਧ ਦੀਆਂ ਕੀਮਤਾਂ |