ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਖੁੱਲ੍ਹੇ ਵਿਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਖੁੱਲ੍ਹੇ ਅਸਮਾਨ ਹੇਠ ਬੈਠ ਸ਼ਰਾਬ ਪੀਣ ਵਾਲਿਆਂ ਦੇ ਚਾਲਾਨ ਕੀਤੇ ਜਾ ਰਹੇ ਹਨ | ਪੁਲਿਸ ਵਲੋਂ ਇਹ ਫ਼ੈਸਲਾ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ | ਪੁਲਿਸ ਕਮਿਸ਼ਨਰ ਵਲੋਂ ਮਿਲੇ ਨਿਰਦੇਸ਼ਾਂ 'ਤੇ ਏ.ਡੀ.ਸੀ.ਪੀ.-3 ਜ਼ੋਨ-3 ਦੇ ਗਜ਼ਟਿਡ ਅਧਿਕਾਰੀਆਂ ਅਤੇ ਐਸ.ਐਚ. ਓਜ ਦੀ ਨਿਗਰਾਨੀ ਹੇਠ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਨਤਕ ਥਾਵਾਂ ਅਤੇ ਵਾਹਨਾਂ 'ਤੇ ਖੁੱਲ੍ਹੇ ਵਿਚ ਸ਼ਰਾਬ ਪੀਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਪੁਲਿਸ ਵਲੋਂ ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਇਸ ਕਾਰਵਾਈ ਦੌਰਾਨ 156 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਤਸਦੀਕ ਲਈ ਥਾਣੇ ਲਿਆਂਦਾ ਗਿਆ | ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ |