ਲੁਧਿਆਣਾ, 25 ਸਤੰਬਰ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਵਿਖੇ ਸੈਂਟਰਲ ਸਟੂਡੈਂਟਸ ਐਸੋਸੀਏਸ਼ਨ ਦਾ ਇਨਵੈਸਟੀਚਰ ਸਮਾਰੋਹ ਕਰਵਾਇਆ ਗਿਆ | ਇਸ ਸਾਲ 40 ਸੀ. ਐਸ. ਏ. ਮੈਂਬਰਾਂ ਨੂੰ ਬੈਜ ਅਤੇ ਸੈਸ਼ ਨਾਲ ਸਨਮਾਨਿਤ ਕੀਤਾ ਗਿਆ ਹੈ | ਨਵੇਂ ਚੁਣੇ ਗਏ ਅਹੁਦੇਦਾਰਾਂ 'ਚੋਂ ਭੂਮਿਕਾ ਨੂੰ ਹੈੱਡ ਗਰਲ ਚੁਣਿਆ ਗਿਆ, ਜਦੋਂ ਕਿ ਸੋਨੀਆ ਅਤੇ ਦਿਸ਼ਾ ਨੂੰ ਕ੍ਰਮਵਾਰ ਡਿਪਟੀ ਹੈੱਡ ਗਰਲ ਅਤੇ ਪ੍ਰਧਾਨ ਸੀ.ਐਸ.ਏ. ਦੇ ਖਿਤਾਬ ਦਿੱਤੇ ਗਏ | ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦੇ ਨਵੇਂ ਚੁਣੇ ਮੈਂਬਰਾਂ ਨੇ ਕਾਲਜ ਪ੍ਰਤੀ ਲੀਡਰਸ਼ਿਪ ਅਤੇ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਦਾ ਵਾਅਦਾ ਕਰਦੇ ਹੋਏ ਸਹੁੰ ਚੁੱਕੀ | ਸੀ. ਐਸ. ਏ. ਇੰਚਾਰਜ ਡਾ. ਸੁਮੇਧਾ ਗੁਪਤਾ ਅਤੇ ਡਾ. ਸੀਮਾ ਰਾਣੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਫਰਜ਼ਾਂ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਸੀ. ਐਸ. ਏ. ਕੌਂਸਲ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ |