ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਮਹਾਂਨਗਰ ਨੰੂ ਸਮਾਰਟ ਸਿਟੀ ਬਣਾਉਣ ਦੇ ਦਾਅਵਿਆਂ ਦੀ ਪੋਲ ਸ਼ਹਿਰ 'ਚ ਪਿਆ ਕੂੜਾ ਖੋਲ੍ਹ ਰਿਹਾ ਹੈ | ਉਥੇ ਹੀ ਨਿਗਮ ਵਲੋਂ ਸਮਾਰਟ ਸਿਟੀ ਤਹਿਤ ਜੋ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਲੋਕਾਂ ਦੀ ਸੁਵਿਧਾ ਲਈ ਇੰਟਰਲਾਕ ਟਾਈਲਾਂ ਦੇ ਫੁੱਟਪਾਥ ਵੀ ਬਣਾਏ ਗਏ ਸਨ | ਇਹ ਫੁਟਪਾਥ ਵੀ ਕਈ ਥਾਂਵਾਂ ਤੋਂ ਟੁੱਟ ਚੁੱਕੇ ਹਨ ਜਾਂ ਟੁਟਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਲੋਕਾਂ ਨੰੂ ਤਾਂ ਲੰਘਣ 'ਚ ਮੁਸੀਬਤ ਆ ਰਹੀ ਹੈ | ਉਥੇ ਇਨ੍ਹਾਂ ਟੱੁਟੇ ਫੁਟਪਾਥਾਂ ਤੇ ਗੰਦਗੀ ਇੱਕਠੀ ਹੋ ਰਹੀ ਹੈ | ਜੇਕਰ ਗੱਲ ਕਰੀਏ ਸ਼ਹਿਰ ਘੰਟਾਘਰ ਰੋਡ ਦੀ ਤਾਂ ਇਸ ਰੋਡ 'ਤੇ ਬਣਾਏ ਇੰਟਰਲਾਕ ਟਾਈਲਾਂ ਦੇ ਫੁੱਟਪਾਥ ਕਈ ਥਾਂਵਾਂ ਤੋਂ ਟੁੱਟ ਚੁੱਕੇ ਹਨ ਤੇ ਇਥੇ ਗੰਦਗੀ ਪਈ ਹੋਈ ਹੈ | ਉਕਤ ਰੋਡ 'ਤੇ ਮਾਤਾ ਰਾਣੀ ਚੌਕ ਦੇ ਕੋਲ ਤਾਂ ਇਨ੍ਹਾਂ ਦੇ ਟੁੱਟਣ ਕਾਰਨ ਗੰਦਗੀ ਕਾਰਨ ਬੁਰਾ ਹਾਲ ਹੈ | ਇਸ ਤੋਂ ਇਲਾਵਾ ਜਲੰਧਰ ਬਾਈਪਾਸ ਚੌਂਕ ਦੇ ਕੋਲ ਵੀ ਇੰਟਰਲਾਕ ਟਾਈਲਾਂ ਨਾਲ ਬਣੇ ਫੁਟਪਾਥ ਟੁੱਟੇ ਹੋਏ ਹਨ | ਇਸ ਤੋਂ ਇਲਾਵਾ ਇਨ੍ਹਾਂ ਫੁਟਪਾਥਾਂ ਤੇ ਬੇਘਰਿਆਂ ਵਲੋਂ ਲੰਮੇਂ ਚਿਰ ਤੋਂ ਕਬਜ਼ਾ ਕੀਤਾ ਹੋਇਆ ਹੈ | ਉਥੇ ਹੀ ਫੜੀਆਂ ਵਾਲਿਆਂ ਵਲੋਂ ਇਨ੍ਹਾਂ ਦੇ ਉਪਰ ਗੈਰਕਾਨੰੂਨੀ ਫੜੀਆਂ ਲਗਾਈਆਂ ਜਾ ਰਹੀਆਂ ਹਨ | ਇਹੀ ਹਾਲ ਸ਼ਹਿਰ ਦੇ ਬਹਾਦੁਰ ਕੇ ਰੋਡ ਦੇ ਉਪਰ ਬਣੇ ਇੰਟਰਲਾਕ ਫੁਟਪਾਥਾਂ ਦਾ ਵੀ ਹੈ | ਜਿੱਥੇ ਰੇਹੜੀਆਂ ਵਾਲਿਆਂ ਵਲੋਂ ਗੈਰ ਕਾਨੰੂਨੀ ਰੇਹੜੀਆਂ ਲਗਾਈਆਂ ਜਾ ਰਹੀਆਂ ਹਨ ਤੇ ਸ਼ਹਿਰਵਾਸੀਆਂ ਨੰੂ ਇਨ੍ਹਾਂ ਫੁਟਪਾਥਾਂ ਤੋਂ ਲੰਘਣ 'ਚ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਦਾ ਇਨ੍ਹਾਂ ਟੁੱਟੇ ਹੋਏ ਫੁਟਪਾਥਾਂ ਵੱਲ ਧਿਆਨ ਹੀ ਨਹੀਂ ਜਾ ਰਿਹਾ ਹੈ ਤੇ ਇਨ੍ਹਾਂ ਉਪਰ ਹੋਏ ਗੈਰ ਕਾਨੰੂਨੀ ਕਬਜ਼ਿਆਂ ਨੰੂ ਵੀ ਨਹੀਂ ਹਟਾਇਆ ਜਾ ਰਿਹਾ ਹੈ | ਐਸੀ ਸਥਿਤੀ 'ਚ ਸ਼ਹਿਰ ਸਮਾਰਟ ਸਿਟੀ ਕਿਵੇਂ ਬਣ ਸਕੇਗਾ |