ਫੁੱਲਾਂਵਾਲ, 31 ਅਕਤੂਬਰ (ਮਨਜੀਤ ਸਿੰਘ ਦੁੱਗਰੀ)-69ਵੀਂਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਅਧੀਨ ਅੰਡਰ-19 ਲੜਕੇ ਤੇ ਲੜਕੀਆਂ ਦੀ ਸ਼ਤਰੰਜ ਚੈਂਪੀਅਨਸ਼ਿਪ ਦੀ ਸ਼ੁਰੂਆਤ ਬੀਤੇ ਦਿਨ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਂਦਰਾ ਰੋਡ ਲੁਧਿਆਣਾ ਵਿਖੇ ਹੋਈ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਖਿਡਾਰੀ ਇਸ ਮੁਕਾਬਲੇ 'ਚ ਹਿੱਸਾ ਲੈਣ ਲਈ ਬੜੇ ਉਤਸ਼ਾਹ ਨਾਲ ਪਹੁੰਚੇ ਹੋਏ ਸਨ, ਜਿਨ੍ਹਾਂ 'ਚ ਫਸਮੇ ਮੁਕਾਬਲੇ ਹੋਏ | ਚੈਂਪੀਅਨਸ਼ਿਪ ਦਾ ਉਦਘਾਟਨ ਡਿੰਪਲ ਮਦਾਨ (ਡੀ. ਈ. ਓ.), ਅਮਨਦੀਪ ਸਿੰਘ (ਡਿਪਟੀ ਡੀ. ਈ. ਓ.), ਕੁਲਵੀਰ ਸਿੰਘ (ਡੀ. ਐਸ. ਸੀ.) ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ ਤੇ ਪਿ੍ੰਸੀਪਲ ਸ਼ਿਖਾ ਗਿੱਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਜਿਸ ਦੌਰਾਨ ਸਤਨਾਮ ਸਿੰਘ, ਮਨਮੋਹਨ ਸਿੰਘ, ਮਨਦੀਪ ਸਿੰਘ ਤੇ ਕਮਲ ਸਿੰਘ ਵੀ ਮੌਜੂਦ ਸਨ | ਪਿ੍ੰਸੀਪਲ ਸ਼ਿਖਾ ਗਿੱਲ ਨੇ ਸਾਰੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਮਾਰੋਹ ਦੌਰਾਨ ਪਤਵੰਤਿਆਂ ਨੇ ਖਿਡਾਰੀਆਂ ਨੂੰ ਇਮਾਨਦਾਰੀ, ਦਿ੍ੜ੍ਹਤਾ ਤੇ ਖੇਡ ਭਾਵਨਾ ਦੀ ਸੱਚੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਹੁਣ ਤੱਕ ਹੋਏ ਮੁਕਾਬਲਿਆਂ 'ਚ ਸ਼ਤਰੰਜ (ਅੰਡਰ-19 ਲੜਕੀਆਂ) ਵਰਗ ਵਿਚ ਪਟਿਆਲਾ ਜ਼ਿਲ੍ਹੇ ਨੇ ਪਹਿਲਾ, ਫ਼ਰੀਦਕੋਟ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ, ਪਿ੍ੰਸੀਪਲ ਸ਼ਿਖਾ ਗਿੱਲ, ਸਤਨਾਮ ਸਿੰਘ (ਦੋਲੋਂ ਕਲਾਂ), ਮਨਦੀਪ ਸਿੰਘ (ਸੁਨਾਮ) ਤੇ ਕਮਲ ਸਿੰਘ ਨੇ ਸਾਂਝੇ ਤੌਰ 'ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ | 1 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-19 ਲੜਕਿਆਂ ਦੀਆਂ ਟੀਮਾਂ ਦਰਮਿਆਨ ਦਿਲਕਸ਼ ਮੁਕਾਬਲੇ ਹੋਣਗੇ |