ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਵਿਚ ਜਾਇਦਾਦਾਂ ਦੇ ਕਲੈਕਟਰ ਰੇਟਾਂ ਵਿਚ ਕੀਤੇ ਗਏ ਅਥਾਹ ਵਾਧੇ ਅਤੇ ਐਨ.ੳ.ਸੀ ਕਾਰਨ ਰਜਿਸਟਰੀਆ ਬੰਦ ਹੋਣ ਨਾਲ ਪੂਰੇ ਸੂਬੇ ਵਿਚ ਹਾਹਾਕਾਰ ਮਚੀ ਹੋਈ | ਪੰਜਾਬ ਭਾਜਪਾ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਅੱਜ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਇਦਾਦ ਕਾਰੋਬਾਰ ਪਹਿਲਾਂ ਹੀ ਠੱਪ ਪਿਆ ਹੈ | ਮਾਰਕੀਟ ਵਿਚ ਪੈਸੇ ਦਾ ਚਲਣ ਘੱਟ ਹੋਣ ਨਾਲ ਮੰਦੀ ਦਾ ਦੌਰ ਚੱਲ ਰਿਹਾ ਹੈ ਉਥੇ ਸਰਕਾਰ ਨੇ ਕਲੈਕਟਰ ਰੇਟਾਂ ਵਿਚ 30 ਫੀਸਦੀ ਤੱਕ ਵਾਧਾ ਕਰਕੇ ਜਨਤਾ ਉਤੇ ਹੋਰ ਵੱਡਾ ਬੋਝ ਪਾ ਦਿੱਤਾ ਹੈ | ਦੇਬੀ ਨੇ ਕਿਹਾ ਕਿ ਐਨ.ੳ.ਸੀ ਦੀ ਸ਼ਰਤ ਕਾਰਨ ਤਹਿਸੀਲਾਂ ਵਿਚ ਰਜਿਸਟਰੀਆਂ ਪੂਰਨ ਤੌਰ 'ਤੇ ਬੰਦ ਹਨ | ਦਫਤਰਾਂ ਵਿਚ ਸੁੰਨਸਾਨੀ ਹੈ ਅਤੇ ਆਮ ਜਨਤਾ ਵਿਚ ਤ੍ਰਾਹੀ ਤ©ਾਹੀ ਮਚੀ ਹੋਈ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਇਹ ਸੋਚਣ ਲਈ ਮਜ਼ਬੂਰ ਹਨ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ ਬਾਕੀ ਰਹਿ ਗਈ ਹੈ ਜਾਂ ਨਹੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰਜਿਸਟਰੀਆਂ ਬੰਦ ਹੋਣ ਤੇ ਕਲੈਕਟਰ ਰੇਟਾਂ ਵਿਚ ਵਾਧੇ ਦਾ ਮਾਮਲਾ ਜਲਦੀ ਨਾ ਸੁਲਝਾਇਆ ਗਿਆ ਤਾਂ ਪੰਜਾਬ ਭਾਜਪਾ ਰਾਜ ਪੱਧਰ 'ਤੇ ਵੱਡਾ ਅੰਦੋਲਨ ਸ਼ੁੁਰੂ ਕਰੇਗੀ ਅਤੇ ਤਹਿਸੀਲਾਂ ਦੇ ਬਾਹਰ ਧਰਨੇ ਤੇ ਪ੍ਰਦਰਸ਼ਨ ਕੀਤੇ ਜਾਣਗੇ |