ਲੁਧਿਆਣਾ, 7 ਦਸੰਬਰ (ਜਤਿੰਦਰ ਭੰਬੀ)-ਪਿਛਲੇ ਦਿਨੀਂ ਲਾਡੋਵਾਲ ਟੋਲ ਪਲਾਜ਼ਾ 'ਤੇ ਕੀਤੀ ਜਾ ਰਹੀ ਲੁੱਟ ਨੂੰ ਠੱਲ੍ਹ ਪੈ ਕੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਕਾਰਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਆਤਮ ਨਗਰ-2 ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਇਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਚੋਰ ਦੇ ਪੈਰ ਨਹੀਂ ਹੁੰਦੇ ਭਾਵੇਂ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ | ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ 'ਤੇ ਜੇਕਰ ਸਮਾਂ 3 ਮਿੰਟ ਤੋਂ ਵੱਧ ਲੱਗਦਾ ਹੈ ਤਾਂ ਆਪੋ ਆਪਣੀਆਂ ਗੱਡੀਆਂ ਵਿਚੋਂ ਬਾਹਰ ਆ ਕੇ ਇਕ ਵਾਰ ਭੁੰਜੇ ਬੈਠ ਜਾਓ, ਫਿਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਤੁਹਾਡੀਆਂ ਮਿੰਨਤਾਂ ਕਰਦੇ ਹੋਏ ਤੈਅ ਕੀਤੇ ਰੂਲ ਮੁਤਾਬਿਕ ਤੁਹਾਡੀਆਂ ਗੱਡੀਆਂ ਬਿਨਾ ਭੁਗਤਾਨ ਕੀਤੇ ਕਿਵੇਂ ਕਢਵਾਉਂਦੇ ਹਨ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਭਵਿੱਖ ਵਿੱਚ ਜਲਦ ਹੀ ਦੇਸ਼-ਵਾਸੀਆਂ ਨੂੰ ਟੋਲ ਬੈਰੀਅਰ ਤੋਂ ਛੁਟਕਾਰਾ ਦਿਵਾਉਣ ਸਬੰਧੀ ਕਹਿ ਦਿੱਤਾ ਹੈ | ਉਨ੍ਹਾਂ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਹੈ | ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਲਖਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਹੀਰਾ, ਸਿਮਰਜੀਤ ਸਿੰਘ ਬਿਰਦੀ, ਅਮਰਿੰਦਰ ਸਿੰਘ ਰੋਮੀ, ਕੁਲਬੀਰ ਸਿੰਘ, ਕੁਲਦੀਪ ਸਿੰਘ ਖਾਲਸਾ, ਮੁਖ਼ਤਿਆਰ ਸਿੰਘ, ਗੁਲਜ਼ਾਰ ਸਿੰਘ, ਅਮਰਪਾਲ ਬਿੱਲਾ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ ਬਿਰਦੀ, ਤਰਲੋਕ ਸਿੰਘ, ਗੁਰਪਿਆਰ ਸਿੰਘ, ਡਾਕਟਰ ਨਿਰਮਲ ਚੀਮਾ, ਮਨਿੰਦਰ ਸਿੰਘ ਰੋਬਨ, ਲਖਵਿੰਦਰ ਸਿੰਘ ਲੱਕੀ, ਜਸਵਿੰਦਰ ਬਿੱਲਾ, ਲਖਵਿੰਦਰ ਸਿੰਘ ਲੱਕੀ, ਜਸਪ੍ਰੀਤ ਸਿੰਘ ਥਿੰਦ, ਮੇਜਰ ਸਿੰਘ ਥਿੰਦ, ਮਨਦੀਪ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ |