ਲੁਧਿਆਣਾ, 17 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਚੰਡੀਗੜ੍ਹ ਰੋਡ 'ਤੇ ਐਲਆਈਜੀ ਫਲੈਟਾਂ ਦੇ ਬਾਹਰ ਇਕ ਐਕਟਿਵਾ ਅਤੇ ਵਰਨਾ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਟੱਕਰ ਤੋਂ ਬਾਅਦ, ਵਰਨਾ ਕਾਰ ਦੇ ਡਰਾਈਵਰ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਕੁੱਟਿਆ ਅਤੇ ਉਸਦੀ ਐਕਟਿਵਾ ਖੋਹ ਕੇ ਫਰਾਰ ਹੋ ਗਏ | ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ | ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਦੇ ਦਿੱਤੀ ਹੈ | ਪੁਲਿਸ ਜਾਂਚ ਕਰ ਰਹੀ ਹੈ | ਪੀੜਤ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਕੰਮ ਲਈ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ | ਜਦੋਂ ਉਹ ਐਲਆਈਜੀ ਫਲੈਟਾਂ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਐਕਟਿਵਾ ਸਾਹਮਣੇ ਤੋਂ ਆ ਰਹੀ ਵਰਨਾ ਕਾਰ ਨਾਲ ਟਕਰਾ ਗਈ | ਸੋਨੂੰ ਦਾ ਕਹਿਣਾ ਹੈ ਕਿ ਫਿਰ ਕਾਰ ਚਾਲਕ ਬਾਹਰ ਨਿਕਲਿਆ ਅਤੇ ਉਸ ਨੂੰ ਥੱਪੜ ਮਾਰਨ ਲੱਗ ਪਿਆ ਅਤੇ ਉਹ ਐਕਟਿਵਾ ਦੀਆਂ ਚਾਬੀਆਂ ਖੋਹ ਕੇ ਭੱਜ ਗਿਆ | ਸੋਨੂੰ ਦਾ ਕਹਿਣਾ ਹੈ ਕਿ ਹੰਗਾਮੇ ਤੋਂ ਬਾਅਦ ਲੋਕ ਇਕੱਠੇ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ |