ਲੁਧਿਆਣਾ, 17 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਅਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਨੇੜੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ ਇਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਜ਼ਖਮੀ ਹੋਏ ਨੌਜਵਾਨ ਦੀ ਸ਼ਨਾਖ਼ਤ ਗੁਰਵਿੰਦਰ ਸਿੰਘ ਉਰਫ਼ ਕੰਨੂ (21) ਵਜੋਂ ਕੀਤੀ ਗਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਘਟਨਾ ਅੱਜ ਬਾਅਦ ਦੁਪਹਿਰ ਉਸ ਵਕਤ ਵਾਪਰੀ ਜਦੋਂ ਕੰਨੂ ਇਕ ਅਪਰਾਧਿਕ ਮਾਮਲੇ ਦੇ ਸਬੰਧ ਵਿਚ ਤਾਰੀਖ਼ ਭੁਗਤ ਕੇ ਅਦਾਲਤੀ ਕੰਪਲੈਕਸ ਦੇ ਬਾਹਰ ਆਪਣੀ ਕਾਰ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਉੱਥੇ ਆਏ ਅਤੇ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ | ਨੌਜਵਾਨਾਂ ਵਲੋਂ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ | ਲਹੂ ਲੁਹਾਨ ਹੋਇਆ ਕੰਨੂ ਉੱਥੇ ਹੀ ਡਿੱਗ ਗਿਆ, ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ | ਲੜਾਈ ਦਾ ਕਾਰਨ ਨੌਜਵਾਨਾਂ ਦੀ ਆਪਸੀ ਰੰਜਿਸ਼ ਦੱਸੀ ਜਾਂ ਰਹੀ ਹੈ | ਸੂਚਨਾ ਮਿਲਦਿਆਂ ਜ਼ਿਲੇ੍ਹ ਦੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਇਸ ਨੂੰ ਨਿੱਜੀ ਰੰਜਿਸ਼ ਦਾ ਸਿੱਟਾ ਕਰਾਰ ਦਿੱਤਾ ਹੈ | ਦੋ ਦਿਨ ਪਹਿਲਾਂ ਕੰਨੂ ਦੇ ਘਰ ਤੇ ਇਕ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ, ਇਨ੍ਹਾਂ ਨੌਜਵਾਨਾਂ ਵਲੋਂ ਉਸ ਦੇ ਘਰ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਸੀ ਜਿਸ 'ਤੇ ਪੁਲਿਸ ਵਲੋਂ ਕੰਨੂ ਦੀ ਮਾਂ ਬਲਵਿੰਦਰ ਕੌਰ ਦੀ ਸ਼ਿਕਾਇਤ 'ਤੇ ਇਕ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ | ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਵਲੋਂ ਹੀ ਕੰਨੂ 'ਤੇ ਹਮਲਾ ਕਰਨ ਬਾਰੇ ਕਿਹਾ ਜਾ ਰਿਹਾ ਹੈ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸਨ ਅਤੇ ਕਾਰ ਦੀ ਵੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ | ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਏ ਹਨ | ਹਾਲਾਂਕਿ ਅਦਾਲਤੀ ਕੰਪਲੈਕਸ ਦੇ ਨੇੜੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹਮੇਸ਼ਾ ਹੀ ਦਾਅਵੇ ਕੀਤੇ ਜਾਂਦੇ ਹਨ, ਪਰ ਹਮਲਾਵਰ ਫਿਰ ਵੀ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਥਾਂ 'ਤੇ ਘਟਨਾ ਵਾਪਰੀ ਉਹ ਥਾਂ ਪੁਲਸ ਕਮਿਸ਼ਨਰ ਦਫ਼ਤਰ ਤੋਂ ਕੁਝ ਹੀ ਦੂਰੀ 'ਤੇ ਹੈ | ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਪੁਲਿਸ ਵਲੋਂ ਕਿਸੇ ਵੀ ਗਿ੍ਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਪੁਲਿਸ ਅਧਿਕਾਰੀ ਜਾਂਚ ਕਰਨ ਦਾ ਕਹਿ ਰਹੇ ਸਨ |