ਲਾਡੋਵਾਲ, 19 ਦਸੰਬਰ (ਬਲਬੀਰ ਸਿੰਘ ਰਾਣਾ)-ਬੀਤੇ ਦਿਨੀਂ ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੁਆਰਾ ਇਕ ਟੋਲ ਬੂਥ ਲੈਸ ਪ੍ਰਣਾਲੀ ਲਿਆਉਣ ਦੀ ਨਵੀਂ ਗੱਲ ਆਖੀ ਗਈ ਹੈ, ਜਿਸ ਨਾਲ 10 ਲੱਖ ਤੋਂ ਵੱਧ ਨੌਜਵਾਨ ਮੁਲਾਜ਼ਮਾਂ ਦੇ ਸਿਰ 'ਤੇ ਸਰਕਾਰ ਦੀ ਤਲਵਾਰ ਲਟਕ ਗਈ ਹੈ, ਜਿਸ ਨਾਲ ਮੁਲਾਜ਼ਮਾਂ ਦੇ ਹੱਕਾਂ 'ਤੇ ਸਿੱਧਾ ਡਾਕਾ ਵੱਜੇਗਾ | ਇਹ ਵਿਚਾਰ ਟੋਲ ਪਲਾਜ਼ਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਲਾਡੋਵਾਲ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਪੰਕਜ ਕੁਮਾਰ ਬਿਰਦੀ ਨੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਮੁਲਾਜ਼ਮਾਂ ਦੀ ਇਕ ਭਰਮੀ ਮੀਟਿੰਗ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਸਾਂਝੇ ਕੀਤੇ | ਸੂਬਾ ਪ੍ਰਧਾਨ ਲਾਡੀ ਅਤੇ ਪ੍ਰਧਾਨ ਪੰਕਜ ਨੇ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਜੀ.ਪੀ.ਐਸ. ਰਾਹੀਂ ਸਿੱਧਾ ਟੋਲ ਟੈਕਸ ਕਾਰਪੋਰੇਟ ਘਰਾਨਿਆਂ ਦੇ ਖਾਤਿਆਂ ਵਿਚ ਜਮ੍ਹਾ ਹੋ ਜਾਵੇਗਾ ਅਤੇ ਕਿਰਤੀਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਦਾ ਟੋਲ ਪਲਾਜ਼ਾ 'ਤੇ ਕੰਮ ਕਰਕੇ ਰੋਜ਼ੀ ਰੋਟੀ ਤੇ ਰੁਜ਼ਗਾਰ ਚੱਲ ਰਿਹਾ ਹੈ, ਜੇਕਰ ਇਹ ਨਵੀਂ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਲੱਖਾਂ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਹੋ ਜਾਣਗੇ | ਸੂਬਾ ਪ੍ਰਧਾਨ ਲਾਡੀ ਅਤੇ ਪ੍ਰਧਾਨ ਪੰਕਜ ਨੇ ਕਿਹਾ ਕਿ ਇਸ ਪ੍ਰਣਾਲੀ ਨੂੰ ਵਾਪਸ ਕਰਾਉਣ ਲਈ ਪੰਜਾਬ ਦੇ ਸਮੂਹ ਟੋਲ ਪਲਾਜਿਆਂ ਦੇ ਵਰਕਰਾਂ ਨੂੰ ਅੱਜ 20 ਦਸੰਬਰ ਨੂੰ ਠੀਕ 12 ਵਜੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਹੱਕ ਵਿਚ ਟੋਲ ਲੈਸ ਪ੍ਰਣਾਲੀ ਲਿਆ ਕੇ ਕਾਮਿਆਂ ਤੇ ਕਿਰਤੀਆਂ ਦੀ ਰੋਜ਼ੀ ਰੋਟੀ ਖੋਹਣ ਜਾ ਰਹੀ ਹੈ, ਨੂੰ ਰੱਦ ਕਰਵਾ ਸਕੀਏ |