ਲੁਧਿਆਣਾ, 20 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵਲੋਂ 26 ਦਸੰਬਰ ਨੰੂ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜੋ ਅੰਬੇਡਕਰ ਭਵਨ, ਨੇੜੇ ਜਲੰਧਰ ਬਾਈਪਾਸ ਵਿਖੇ ਹੋਵੇਗੀ | ਇਸ ਮੀਟਿੰਗ ਵਿਚ ਸ਼ਹਿਰ ਦੇ ਵਿਸਥਾਰ ਨੰੂ ਲੈਕੇ ਇਕ ਅਹਿਮ ਫ਼ੈਸਲਾ ਲੈਣ ਦੀ ਤਿਆਰੀ ਹੈ | ਮੀਟਿੰਗ ਦੌਰਾਨ ਸ਼ਹਿਰ ਨਾਲ ਲਗਦੇ ਲਗਭਗ 115 ਪਿੰਡਾਂ ਨੰੂ ਨਗਰ ਨਿਗਮ ਵਿਚ ਸ਼ਾਮਿਲ ਕਰਨ ਸਬੰਧੀ ਮੁੱਖ ਪ੍ਰਸਤਾਵ ਪਾਸ ਕੀਤਾ ਜਾਵੇਗਾ, ਜਿਸ ਨੰੂ ਮਨਜ਼ੂਰੀ ਲਈ ਰਾਜ ਸਰਕਾਰ ਕੋਲ ਭੇਜਿਆ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਇਹ ਪ੍ਰਸਤਾਵ ਸ਼ਹਿਰ ਦੇ ਸੁਚੱਜੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਸੁਨੇਤ ਇਲਾਕੇ ਵਿਚ ਨਗਰ ਨਿਗਮ ਦੇ ਪਲਾਟਾਂ ਨੰੂ ਭੇਜਣ ਸਬੰਧੀ ਪ੍ਰਸਤਾਵ ਵੀ ਮੀਟਿੰਗ 'ਚ ਰੱਖਿਆ ਜਾਵੇਗਾ | ਨਾਲ ਹੀ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਸਬੰਧੀ ਪ੍ਰਸਤਾਵ 'ਤੇ ਵੀ ਵਿਚਾਰ ਕੀਤਾ ਜਾਵੇਗਾ | ਨਿਗਮ ਹਾਊਸ ਦੀ ਇਸ ਮੀਟਿੰਗ ਚ ਕੁਲ 14 ਪ੍ਰਸਤਾਵ ਵਿਚਾਰ ਅਧੀਨ ਰਹਿਣਗੇ | ਅਧਿਕਾਰੀਆਂ ਮੁਤਾਬਿਕ ਜੇਕਰ 114 ਪਿੰਡ ਨਗਰ ਨਿਗਮ ਵਿਚ ਸ਼ਾਮਲ ਹੁੰਦੇ ਹਨ ਤਾਂ ਮੌਜੂਦਾ 95 ਵਾਰਡਾਂ ਦੀ ਗਿਣਤੀ ਵੱਧ ਕੇ 125 ਜਾ 130 ਹੋਣ ਦੀ ਸੰਭਾਵਨਾ ਹੈ | ਵਾਰਡਾਂ ਦੀ ਗਿਣਤੀ ਵਧਣ ਨਾਲ ਨਿਗਮ ਵਿਚ ਲੋਕਤੰਤਰਿਕ ਨੁਮਾਇੰਦਗੀ ਹੋਰ ਮਜ਼ਬੂਤ ਹੋਵੇਗੀ ਤੇ ਸ਼ਹਿਰ ਦੇ ਹਰ ਖੇਤਰ ਤਕ ਵਿਕਾਸ ਕਾਰਜ ਪਹੁੰਚਾਉਣਾ ਆਸਾਨ ਹੋਵੇਗਾ | ਇਹ ਫ਼ੈਸਲਾ ਲੁਧਿਆਣਾ ਦੇ ਭਵਿੱਖੀ ਵਿਕਾਸ ਲਈ ਇਕ ਸਕਾਰਤਮਕ ਤੇ ਦੂਰਅੰਦੇਸ਼ੀ ਕਦਮ ਮੰਨਿਆ ਜਾ ਰਿਹਾ ਹੈ |