ਲੁਧਿਆਣਾ, 20 ਦਸੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਅੱਜ ਰਾਹੋਂ ਰੋਡ ਦੇ ਸੀਵਰੇਜ ਕੰਮਾਂ ਦੇ ਸਬੰਧ 'ਚ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਆਇਨਾ ਕੀਤਾ ਗਿਆ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਰਾਹੋਂ ਰੋਡ ਦਾ ਇਲਾਕਾ ਜੋ ਕਿ ਬਰਸਾਤਾਂ ਦੇ ਦਿਨਾਂ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ | ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਅੱਜ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੁਆਇਨਾ ਕੀਤਾ ਜਾ ਰਿਹਾ ਹੈ ਤਾਂ ਜੋ ਆ ਰਹੀ ਮੁਸ਼ਕਿਲ ਦਾ ਹੱਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੀ ਰਿਪੋਰਟ ਤਿਆਰ ਕਰ ਐਸਟੀਮੇਟ ਤਿਆਰ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਰਾਹੋਂ ਰੋਡ 'ਤੇ ਇਕ ਨਵੀਂ ਸੀਵਰੇਜ ਲਾਈਨ ਪਾਈ ਜਾਵੇਗੀ, ਜਿਸ ਨਾਲ ਰਾਹੋਂ ਰੋਡ 'ਤੇ ਚੱਲ ਰਹੀ ਸੀਵਰੇਜ ਓਵਰਫਲੋ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ | ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੀਆਂ ਸਾਬਕਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਕਾਗਜ਼ਾਂ 'ਚ ਤਾਂ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਕਾਰਜ ਦਿਖਾ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਹੈ, ਪਰ ਹਕੀਕਤ ਦੇ ਵਿਚ ਜ਼ਮੀਨੀ ਤੌਰ 'ਤੇ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਦੇ ਵਾਰ-ਵਾਰ ਰੌਲਾ ਪਾਉਣ ਦੇ ਬਾਵਜੂਦ ਵੀ ਕਿਸੇ ਵੀ ਸਾਬਕਾ ਸਰਕਾਰ ਦੇ ਨੁਮਾਇੰਦੇ ਤੋਂ ਰਾਹੋਂ ਰੋਡ ਦੀ ਸਮੱਸਿਆ ਹੱਲ ਨਹੀਂ ਹੋਈ | ਉਨ੍ਹਾਂ ਕਿਹਾ ਕਿ ਹੁਣ ਇਲਾਕਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਜਲਦ ਹੀ ਰਾਹੋਂ ਰੋਡ ਦੀ ਸਮੱਸਿਆ ਦਾ ਹੱਲ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ | ਇਸ ਮੌਕੇ 'ਤੇ ਚੀਫ਼ ਓ.ਐਡ.ਐਮ. ਸੈੱਲ ਰਾਜੇਸ਼ ਗਰਗ, ਐਕਸੀਅਨ ਕਮਲ ਸਿੰਘ, ਐਸ.ਈ. ਹਰਪ੍ਰੀਤ ਸਿੰਘ, ਕੌਂਸਲਰ ਲਖਵਿੰਦਰ ਚੌਧਰੀ, ਜਗਦੀਸ਼ ਲਾਲ ਦੀਸ਼ਾ ਕੌਂਸਲਰ, ਜਸਵਿੰਦਰ ਸੰਧੂ, ਭੂਸ਼ਨ ਸ਼ਰਮਾ, ਦਿਨੇਸ਼ ਸ਼ਰਮਾ, ਅਸ਼ਵਨੀ ਕੁਮਾਰ, ਸੁਰਿੰਦਰ ਮਦਾਨ ਆਦਿ ਸਾਥੀ ਸ਼ਾਮਿਲ ਹੋਏ |