ਲੁਧਿਆਣਾ, 20 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ੇਰਪੁਰ ਚੌਕ ਨੇੜੇ ਅੱਜ ਸਵੇਰੇ ਹਥਿਆਰਬੰਦ ਲੁਟੇਰੇ ਦੋ ਨੌਜਵਾਨਾਂ ਨੂੰ ਜ਼ਖਮੀ ਕਰਨ ਉਪਰੰਤ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਟਿੱਬਾ ਰੋਡ ਦੇ ਰਹਿਣ ਵਾਲੇ ਆਦਿਤਿਆ ਨੇ ਦੱਸਿਆ ਕਿ ਉਹ ਸ਼ੇਰਪੁਰ ਦੇ ਨੇੜੇ ਸਥਿਤ ਹੀਰੋ ਸਾਈਕਲ ਫ਼ੈਕਟਰੀ ਵਿਚ ਬਤੌਰ ਅਕਾਊਾਟੈਂਟ ਕੰਮ ਕਰਦਾ ਹੈ | ਫ਼ੈਕਟਰੀ ਵਿਚ ਕੰਮ ਹੋਣ ਕਾਰਨ ਉਹ ਸ਼ਨੀਵਾਰ ਸਵੇਰੇ ਹੀ ਆਪਣੇ ਘਰੋਂ ਕੰਮ 'ਤੇ ਨਿਕਲਿਆ ਸੀ, ਜਦੋਂ ਉਹ ਸ਼ੇਰਪੁਰ ਚੌਕ ਨੇੜੇ ਪਹੁੰਚਿਆ ਤਾਂ ਉੱਥੇ ਮੌਜੂਦ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਨਗਦੀ ਦੀ ਮੰਗ ਕੀਤੀ, ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਇਹਨਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਤੇਜ਼ਧਾਰ ਹਥਿਆਰ ਕੱਢ ਲਏ ਤੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ | ਲੁਟੇਰੇ ਉਸ ਪਾਸੋਂ ਨਗਦੀ, ਮੋਬਾਈਲ ਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ | ਉਸ ਨੇ ਦੱਸਿਆ ਕਿ ਵਿਰੋਧ ਦੌਰਾਨ ਇਕ ਲੁਟੇਰੇ ਦੇ ਵੀ ਸੱਟ ਲੱਗੀ, ਜਿਸ ਕਾਰਨ ਲੁਟੇਰਿਆਂ ਨੇ ਉਸ 'ਤੇ ਗੁੱਸਾ ਕੱਢਿਆ, ਕਈ ਵਾਰ ਕਰ ਦਿੱਤੇ | ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਲੁਟੇਰਿਆਂ ਵਲੋਂ ਕੀਤੇ ਹਮਲੇ ਵਿਚ ਉਕਤ ਨੌਜਵਾਨ ਦੀਆਂ ਉਗਲਾਂ ਵੀ ਕੱਟੀਆਂ ਗਈਆਂ ਹਨ | ਇਕ ਹੋਰ ਅਜਿਹੀ ਘਟਨਾ ਵਿਚ ਲੁਟੇਰਿਆਂ ਨੇ ਨਿਊ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਦਿਵਿਆਸ਼ ਨਾਮੀ ਨੌਜਵਾਨ ਨੂੰ ਵੀ ਸ਼ੇਰਪੁਰ ਚੌਕ ਨੇੜੇ ਲੁੱਟ ਲਿਆ ਤੇ ਫ਼ਰਾਰ ਹੋ ਗਏ | ਲੁਟੇਰੇ ਉਸ ਪਾਸੋਂ ਮੋਬਾਈਲ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋਏ ਹਨ | ਲੁਟੇਰਿਆਂ ਨੇ ਸ਼ੇਰਪੁਰ ਚੌਕ ਨੇੜੇ ਦਿਵਿਆਸ਼ ਨੂੰ ਰੋਕ ਲਿਆ ਅਤੇ ਉਸ ਪਾਸੋਂ ਨਗਦੀ ਅਤੇ ਮੋਬਾਈਲ ਦੀ ਮੰਗ ਕੀਤੀ, ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਤੇ ਉਸ 'ਤੇ ਵੀ ਹਮਲਾ ਕਰਨ ਉਪਰੰਤ ਲੁੱਟ ਕੇ ਫ਼ਰਾਰ ਹੋ ਗਏ | ਇਸ ਵਾਰਦਾਤ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਹੈ | ਉਸ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾਣ ਬਾਰੇ ਕਿਹਾ ਜਾ ਰਿਹਾ ਹੈ |