ਲੁਧਿਆਣਾ, 22 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਮੁਲਾਜ਼ਮ ਨਾਲ ਮਾਰਕੁੱਟ ਦੇ ਮਾਮਲੇ ਵਿਚ ਕੌਂਸਲਰ ਪਤੀ ਇੰਦਰਜੀਤ ਸਿੰਘ ਇੰਦੀ ਨੰੂ ਮਾਨਯੋਗ ਅਦਾਲਤ ਵਲੋਂ ਬਰੀ ਕੀਤੇ ਜਾਣ ਤੇ ਕੇਸ ਨੰੂ ਖਾਰਜ ਕਰਨ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ | ਇਸ ਮਾਮਲੇ ਨੰੂ ਲੈ ਕੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਨਗਰ ਨਿਗਮ ਦੇ ਮੌਜੂਦਾ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ | ਕੋਚਰ ਮਾਰਕੀਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਨੰੂ ਤਾਨਾਸ਼ਾਹੀ ਢੰਗ ਨਾਲ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਵਿਚ ਸਿਰਫ਼ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ, ਜਦਕਿ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਕੌਂਸਲਰਾਂ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੰੂ ਦਬਾਉਣ ਲਈ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੌਂਸਲਰ ਪਤੀ ਇੰਦਰਜੀਤ ਸਿੰਘ ਇੰਦੀ ਨਾਲ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ | ਨਗਰ ਨਿਗਮ ਦੇ ਇਕ ਮੁਲਾਜ਼ਮ ਦੀ ਆੜ ਲੈ ਕੇ ਉਨ੍ਹਾਂ 'ਤੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਗਿਆ, ਪਰ ਮਾਨਯੋਗ ਅਦਾਲਤ ਵਿਚ ਪੁਲਿਸ ਵਲੋਂ ਲਗਾਏ ਦੋਸ਼ ਸਾਬਤ ਨਾ ਹੋਣ ਕਾਰਨ ਸੱਚ ਸਾਹਮਣੇ ਆ ਗਿਆ ਤੇ ਕੇਸ ਖਾਰਜ ਕਰ ਦਿੱਤਾ ਗਿਆ | ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਤਾਨਾਸ਼ਾਹੀ ਕਾਰਵਾਈਆਂ ਤੋਂ ਡਰਨ ਵਾਲੀ ਨਹੀਂ ਹੈ | ਜੇਕਰ ਨਗਰ ਨਿਗਮ ਪ੍ਰਸ਼ਾਸਨ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪਾਰਟੀ ਸੜਕਾਂ 'ਤੇ ਉਤਰ ਕੇ ਇਸ ਦਾ ਡਟ ਕੇ ਵਿਰੋਧ ਕਰੇਗੀ | ਇਸ ਮੌਕੇ ਕੌਂਸਲਰ ਪਤੀ ਇੰਦਰਜੀਤ ਸਿੰਘ ਇੰਦੀ ਨੇ ਕਿਹਾ ਕਿ ਬੀਤੇ ਦਿਨ ਅਦਾਲਤ ਵਿਚ ਪੁਲਿਸ ਉਨ੍ਹਾਂ 'ਤੇ ਲਗਾਏ ਦੋਸ਼ ਸਾਬਤ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕੋ ਮਕਸਦ ਆਪਣੇ ਵਾਰਡ ਦਾ ਵਿਕਾਸ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਉਨ੍ਹਾਂ 'ਤੇ ਕਿੰਨੇ ਵੀ ਝੂਠੇ ਕੇਸ ਦਰਜ ਕਰਵਾ ਦੇਵੇ | ਉਹ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਵਿਚ ਕੋਈ ਰੁਕਾਵਟ ਨਹੀਂ ਆਉਣ ਦੇਣਗੇ ਤੇ ਲੋਕਾਂ ਦੀ ਆਵਾਜ਼ ਬਣੇ ਰਹਿਣਗੇ | ਇਸ ਮੌਕੇ ਮਮਤਾ ਆਸ਼ੂ, ਜੈ ਪ੍ਰਕਾਸ਼, ਸੰਨੀ ਭੱਲਾ ਤੇ ਹੋਰ ਕਾਂਗਰਸੀ ਆਗੂ ਤੇ ਕੌਂਸਲਰ ਮੌਜੂਦ ਸਨ |