ਲੁਧਿਆਣਾ/ਇਆਲੀ/ਥਰੀਕੇ, 22 ਦਸੰਬਰ (ਡਾ. ਤਰਲੋਚਨ ਸਿੰਘ/ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੀ ਬਾੜੇਵਾਲ ਸੜਕ ਸਥਿਤ ਉਰੀਸਨ ਹਸਪਤਾਲ, ਜਿਸ ਨੂੰ ਹੁਣ ਏ.ਜੀ.ਆਈ. ਦਾ ਗੈਸਟਰੋ ਸਿਟੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਵਿਖੇ ਇਕ ਔਰਤ ਦੀ ਲਾਸ਼ ਖੁਰਦ ਬੁਰਦ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਅੰਦਰ ਹੀ ਧਰਨਾ ਲਗਾ ਦਿੱਤਾ | ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਕੜਾਹੇਵਾਲਾ ਦੀ ਜਸਵੀਰ ਕੌਰ 73 ਪਤਨੀ ਸਾਬਕਾ ਸਰਪੰਚ ਜਸਵੰਤ ਸਿੰਘ, ਜੋ ਇਸੇ ਹਸਪਤਾਲ ਵਿਖੇ ਲੀਵਰ ਦੇ ਇਲਾਜ ਲਈ 10 ਦਸੰਬਰ ਤੋਂ ਦਾਖਲ ਸਨ, ਦੀ ਬੀਤੀ 19 ਦਸੰਬਰ ਨੂੰ ਮੌਤ ਹੋ ਗਈ | ਮਰਨ ਵਾਲੀ ਔਰਤ ਦੇ ਬੱਚੇ ਵਿਦੇਸ਼ ਵਿਚ ਸਨ | ਇਸ ਲਈ ਉਨ੍ਹਾਂ ਦੇ ਆਉਣ ਤੱਕ ਪਰਿਵਾਰਿਕ ਮੈਂਬਰਾਂ ਨੇ ਲਾਸ਼ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ | ਅੱਜ ਜਦੋਂ ਮਿ੍ਤਕ ਔਰਤ ਦੇ ਪੁੱਤਰਾਂ ਅਤੇ ਭਤੀਜੇ ਦੇ ਵਿਦੇਸ਼ ਪਰਤਣ ਤੋਂ ਉਪਰੰਤ ਪਰਿਵਾਰਿਕ ਮੈਂਬਰ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਵਲੋਂ ਰਖਾਈ ਗਈ ਲਾਸ਼ ਮੋਰਚਰੀ ਵਿਚ ਨਹੀਂ ਸੀ ਅਤੇ ਹਸਪਤਾਲ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਲਾਸ਼ ਕਿਸੇ ਹੋਰ ਦੀ ਸੀ, ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵਲੋਂ ਹਸਪਤਾਲ 'ਤੇ ਮਨੁੱਖੀ ਤਸਕਰੀ ਦੇ ਦੋਸ਼ ਲਗਾਉਂਦੇ ਹੋਏ ਭਾਰੀ ਹੰਗਾਮਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਟੈਗੋਰ ਨਗਰ ਵਾਸੀ ਮੰਜੂ ਦੀਵਾਨ ਪਤਨੀ ਪ੍ਰਦੀਪ ਦੀਵਾਨ ਦੀ ਵੀ ਇਸੇ ਹਸਪਤਾਲ ਵਿਚ ਜੇਰੇ ਇਲਾਜ ਅਧੀਨ 20 ਦਸੰਬਰ ਨੂੰ ਤੜਕੇ 2 ਵਜੇ ਮੌਤ ਹੋ ਗਈ ਸੀ, ਦੀ ਲਾਸ਼ ਨੂੰ ਵੀ ਪਰਿਵਾਰ ਵਲੋਂ ਮੋਰਚਰੀ ਵਿਚ ਰਖਵਾ ਦਿੱਤਾ ਗਿਆ | ਦਿਨ ਵੇਲੇ ਜਦੋਂ ਉਸ ਦੇ ਪਰਿਵਾਰਿਕ ਮੈਂਬਰ ਸੰਸਕਾਰ ਲਈ ਉਸ ਦੀ ਲਾਸ਼ ਲੈਣ ਲਈ ਆਏ ਤਾਂ ਹਸਪਤਾਲ ਦੇ ਅਮਲੇ ਵਲੋਂ ਲਾਪ੍ਰਵਾਹੀ ਕਰਦਿਆਂ ਉਨ੍ਹਾਂ ਨੂੰ ਜਸਵੀਰ ਕੌਰ ਦੀ ਲਾਸ਼ ਹੀ ਦੇ ਦਿੱਤੀ ਗਈ, ਜਿਸ ਦਾ ਮੰਜੂ ਦੀਵਾਨ ਦੇ ਪਰਿਵਾਰ ਵਲੋਂ ਉਸੇ ਦਿਨ ਸੰਸਕਾਰ ਕਰ ਦਿੱਤਾ ਗਿਆ | ਅੱਜ ਜਦੋਂ ਜਸਵੀਰ ਕੌਰ ਦੀ ਲਾਸ਼ ਲੈਣ ਲਈ ਉਸ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚੇ ਤਾਂ ਹਸਪਤਾਲ ਦੇ ਸਟਾਫ਼ ਵਲੋਂ ਉਨ੍ਹਾਂ ਨੂੰ ਮੰਜੂ ਦੀਵਾਨ ਦੀ ਲਾਸ਼ ਦੇ ਦਿੱਤੀ ਗਈ, ਜਿਸ ਨੂੰ ਜਦੋਂ ਉਨ੍ਹਾਂ ਵਲੋਂ ਖੋਲ੍ਹ ਕੇ ਦੇਖਿਆਂ ਗਿਆ ਤਾਂ ਇਹ ਲਾਸ਼ ਜਸਵੀਰ ਕੌਰ ਦੀ ਨਹੀਂ ਸੀ, ਜਿਸ ਨੂੰ ਲੈ ਕੇ ਹਸਪਤਾਲ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆਈ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਹਸਪਤਾਲ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਗਿਆ, ਜਿਸ 'ਤੇ ਮੌਕੇ 'ਤੇ ਪਹੁੰਚੇ ਥਾਣਾ ਸਰਾਭਾ ਨਗਰ ਮੁਖੀ ਆਦਿੱਤਿਆ ਸ਼ਰਮਾ ਨੇ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੰਦੇ ਹੋਏ ਮੁੱਢਲੀ ਜਾਂਚ ਉਪਰੰਤ ਉਰੀਸਨ ਹਸਪਤਾਲ, ਜਿਸ ਨੂੰ ਹੁਣ ਏ.ਜੀ.ਆਈ. ਦਾ ਗੈਸਟਰੋ ਸਿਟੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਦੇ ਸਬੰਧਿਤ ਸਟਾਫ਼/ਐਡਮਿਸਟ੍ਰੇਸ਼ਨ ਖ਼ਿਲਾਫ਼ ਬੀ.ਐਨ.ਐਸ. 305, 314, 316 (2) ਤਹਿਤ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ |