ਲੁਧਿਆਣਾ, 23 ਦਸੰਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ 11ਵੀਂ ਬਰਸੀ ਇਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਉਨ੍ਹਾਂ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਮਨਾਈ ਗਈ | ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਸਾਬਕਾ ਪ੍ਰਧਾਨ ਪ੍ਰੋ. ਮੋਹਨ ਸਿੰਘ ਫਾਊਾਡੇਸ਼ਨ ਪ੍ਰਗਟ ਸਿੰਘ ਗਰੇਵਾਲ, ਪ੍ਰੋ. ਮੋਹਨ ਸਿੰਘ ਫਾਊਾਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਦਾਖਾ, ਬਾਵਾ, ਗਰੇਵਾਲ, ਧਾਲੀਵਾਲ ਅਤੇ ਜੱਸੋਵਾਲ ਨੇ ਕਿਹਾ ਕਿ ਸਵ. ਜਗਦੇਵ ਜੱਸੋਵਾਲ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਨ੍ਹਾਂ ਦੇ ਸਿਆਸੀ ਖੇਤਰ ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸੰਤ ਫ਼ਤਿਹ ਸਿੰਘ, ਮਾਸਟਰ ਤਾਰਾ ਸਿੰਘ ਨਾਲ ਸਮੇਂ-ਸਮੇਂ ਤੋਂ ਰਿਸ਼ਤੇ ਨਿਭਾਏ, ਹਮੇਸ਼ਾ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਵਿਚਰੇ ਅਤੇ ਉਨ੍ਹਾਂ ਦੋਸਤੀ ਦੀ ਵਿਲੱਖਣ ਤਸਵੀਰ ਉਦੋਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ, ਜਦੋਂ ਪ੍ਰੋ. ਮੋਹਨ ਸਿੰਘ ਨਾਲ ਕੀਤਾ ਵਾਅਦਾ ਨਿਭਾ ਕੇ ਉਨ੍ਹਾਂ ਦੀ ਯਾਦ ਵਿਚ 36 ਸਾਲ ਮੇਲਾ ਲਗਾਇਆ, ਜਿਸ ਦੀ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਵਿਚ ਵੱਖਰੀ ਪਹਿਚਾਣ ਹੈ | ਬਾਵਾ ਨੇ ਕਿਹਾ ਕਿ ਅੱਜ ਸਵੇਰੇ 5 ਵਜੇ ਮੈਂ ਗੁਰਭਜਨ ਗਿੱਲ ਦੀਆਂ ਜੱਸੋਵਾਲ ਬਾਰੇ ਲਿਖੀਆਂ ਲਾਈਨਾਂ ਪੜ੍ਹੀਆਂ ਤਾਂ ਵਿਲੱਖਣ ਅਨੁਭਵ ਮਹਿਸੂਸ ਹੋਇਆ | ਇਸ ਮੌਕੇ ਰਤਨ ਸਿੰਘ ਕਮਾਲਪੁਰੀ, ਜਗਦੀਪ ਸਿੰਘ ਗਿੱਲ, ਰਾਜਵਿੰਦਰ ਸਿੰਘ, ਜਬਰਜੰਗ ਸਿੰਘ ਬਰਾੜ, ਰਣਜੀਤ ਸਿੰਘ ਗਰੇਵਾਲ, ਤਰਸੇਮ ਵਰਮਾ, ਪੁਸ਼ਪਿੰਦਰ ਸਿੰਘ, ਨਵਦੀਪ ਸਿੰਘ, ਪ੍ਰੀਤਮ ਸਿੰਘ ਗਿੱਲ, ਐਸ.ਕੇ. ਸ਼ਰਮਾ, ਬਲਵੀਰ ਸਿੰਘ ਭਾਟੀਆ, ਹਰਜਿੰਦਰ ਸਿੰਘ ਬੇਰੀ ਆਦਿ ਹਾਜ਼ਰ ਸਨ |