ਲੁਧਿਆਣਾ, 23 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦੇ ਅਤੇ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਫੇਸ 1 ਦੁੱਗਰੀ ਵਿਖੇ ਲਗਾਇਆ ਗਿਆ | ਇਹ ਕੈਂਪ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਖ਼ੂਨ ਦੇਣ ਦੀ ਸੇਵਾ ਕੀਤੀ | ਜਾਣਕਾਰੀ ਦਿੰਦੀਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਸਾਹਿਬਜ਼ਾਦੀਆਂ ਦੁਆਰਾ ਦਿਖਾਈ ਗਈ ਬੇਮਿਸਾਲ ਹਿੰਮਤ ਅਤੇ ਕੁਰਬਾਨੀ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ | ਇਸ ਕੈਂਪ ਵਿਚ ਸਾਰੀਆਂ ਬਿਮਾਰੀਆਂ ਦਾ ਫ਼ਰੀ ਚੈੱਕਅਪ ਕੀਤਾ ਗਿਆ | ਇਸ ਕੈਂਪ ਵਿਚ ਡਾ. ਸ਼ੁਬਪ੍ਰੀਤ ਕੌਰ, ਡਾ. ਸ਼ਰਮਾ, ਡਾ. ਕਿ੍ਸ਼ਨ, ਡਾ. ਸਕੀ ਅਵਸਥੀ ਨੇ ਮਰੀਜ਼ਾਂ ਨੂੰ ਚੈੱਕ ਕੀਤਾ ਅਤੇ ਸਿਰ ਦਰਦ, ਮਾਨਸਿਕ ਤਣਾਅ, ਮਿਰਗੀ ਦੇ ਦੌਰੇ ਦਾ ਇਲਾਜ, ਸ਼ਰਾਬ ਪੀਣਾ, ਜ਼ਿਆਦਾ ਗੁਸਾ ਆਉਣਾ, ਵਹਿਮ ਕਰਨਾ, ਨੀਂਦ ਨਾ ਆਉਣਾ, ਉਦਾਸ ਰਹਿਣਾ, ਲੈਬੋਰਟਰੀ ਵਿਚ ਖ਼ੂਨ ਦੇ ਟੈੱਸਟ ਵੀ ਕੀਤੇ ਗਏ ਅਤੇ ਫ਼ਰੀ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ | ਖ਼ੂਨਦਾਨ ਕੈਂਪ ਵਿਚ ਸਿਮਰਜੀਤ ਸਿੰਘ ਬੈਂਸ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਨੇ ਆਪਣੇ ਧਰਮ ਨੂੰ ਤਿਆਗਣ ਦੀ ਬਜਾਏ ਜਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਹੋਣਾ ਪਸੰਦ ਕੀਤਾ | ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ | ਇਸ ਸਮੇਂ ਉਨ੍ਹਾਂ ਨਾਲ ਪਾਰਕ ਸ਼ਰਮਾ, ਸੁਖਵਿੰਦਰ ਸਿੰਘ ਪ੍ਰਧਾਨ ਦੁੱਗਰੀ ਗੁਰਦੁਆਰਾ ਦਮਦਮਾ ਸਾਹਿਬ, ਗੁਰਦੀਪ ਸਿੰਘ ਕਾਲੜਾ, ਹਰਪਾਲ ਸਿੰਘ ਕੋਹਲੀ, ਸੁਮੀਤ ਸਿੰਘ, ਅਜੈ ਜੈਨ, ਰਜਤ ਸ਼ਰਮਾ, ਪੰਕਜ ਸ਼ਰਮਾ, ਜਸਵਿੰਦਰ ਸਿੰਘ, ਪਾਰਸ ਦੁੱਗਰੀ, ਦਰਸ਼ਨ ਸਿੰਘ ਪਲਾਈ ਕਿੰਗ ਚੇਅਰਮੈਨ ਬਲਜੀਤ ਸਿੰਘ ਸੇਠੀ ਕਰਤਾਰ ਸਿੰਘ ਬਰਾੜ ਬਲਬੀਰ ਸਿੰਘ ਤਜਿੰਦਰ ਸਿੰਘ ਆਦਿ ਹਾਜ਼ਰ ਸਨ |