ਲੁਧਿਆਣਾ, 24 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਤਾਜਪੁਰ ਰੋਡ ਸਥਿਤ ਦਸ਼ਮੇਸ਼ ਡੈਅਰੀ ਵਿਚ ਅੱਜ ਤੜਕੇ ਚੋਰ ਸ਼ਟਰ ਤੋੜ ਕੇ 13 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ 4 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਇੱਕ ਕਾਰ ਵਿਚ ਤਿੰਨ ਚੋਰ ਡੇਅਰੀ 'ਤੇ ਆਏ ਤੇ ਉਨ੍ਹਾਂ ਨੇ ਪਹਿਲਾਂ ਡੇਅਰੀ ਦਾ ਛੋਟਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਸਫਲ ਰਹੀ ਤਾਂ ਉਨ੍ਹਾਂ ਨੇ ਵੱਡੇ ਸ਼ਟਰ ਨੂੰ ਸਬਲ ਪਾ ਕੇ ਤੋੜ ਦਿੱਤਾ, ਇਨ੍ਹਾਂ ਵਿਚੋਂ ਦੋ ਚੋਰ ਕਾਰ ਦੇ ਬਾਹਰ ਖੜੇ ਰਹੇ, ਜਦਕਿ ਇੱਕ ਚੋਰ ਡੈਅਰੀ ਦੇ ਅੰਦਰ ਚਲਾ ਗਿਆ ਜਿੱਥੇ ਕਿ ਦਰਾਜ ਵਿਚ ਪਈ 13 ਲੱਖ ਦੀ ਨਗਦੀ ਚੋਰੀ ਕਰ ਲਈ ਤੇ ਫਰਾਰ ਹੋ ਗਏ | ਘਟਨਾ ਦਾ ਪਤਾ ਸਵੇਰੇ ਉਸ ਵਕਤ ਲੱਗ ਗਿਆ ਜਦੋਂ ਡੈਅਰੀ ਦੇ ਗੁਆਂਢ ਵਿਚ ਰਹਿਣ ਵਾਲਾ ਇੱਕ ਵਿਅਕਤੀ ਉੱਥੇ ਆਇਆ ਅਤੇ ਉਸਨੇ ਇਸ ਸਬੰਧੀ ਮਾਲਕ ਅਮਨਜੋਤ ਨੂੰ ਸੂਚਿਤ ਕੀਤਾ | ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਚੋਰਾਂ ਬਾਰੇ ਪਤਾ ਲੱਗਿਆ | ਚੋਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ | ਅਮਨਜੋਤ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵਲੋਂ ਸੀਸੀਟੀਵੀ ਕੈਮਰੇ ਕਬਜ਼ੇ ਵਿਚ ਲੈ ਲਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ | ਦਿਨ ਬ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ |