ਲੁਧਿਆਣਾ, 24 ਦਸੰਬਰ (ਡਾ. ਤਰਲੋਚਨ ਸਿੰਘ)-ਸਥਾਨਕ ਫਿਰੋਜ਼ਪੁਰ ਰੋਡ ਤੇ ਸਥਿਤ ਓਰੀਸਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਮੋਗਾ ਨਿਵਾਸੀ ਇਕ ਮਹਿਲਾ ਜਸਬੀਰ ਕੌਰ ਦੀ ਮਿ੍ਤਕ ਦੇਹ ਬਦਲਣ ਦਾ ਮਾਮਲਾ ਹੁਣ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਤੱਕ ਪਹੁੰਚ ਗਿਆ ਹੈ | ਅੱਜ ਮਿ੍ਤਕਾ ਦੇ ਪਰਿਵਾਰਕ ਮੈਂਬਰ ਕਿਸਾਨ ਜਥੇਬੰਦੀਆਂ ਦੇ ਨਾਲ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਲਿਖਤੀ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਹਸਪਤਾਲ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ | ਮੋਗਾ ਦੇ ਕਾਹੜਵਾਲਾ ਨਿਵਾਸੀ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਬੀਰ ਕੌਰ (72) ਦਾ ਇਸ ਹਸਪਤਾਲ ਵਿਚ ਲਗਭਗ 9 ਦਿਨ ਇਲਾਜ ਚੱਲਿਆ | 19 ਦਸੰਬਰ ਨੂੰ ਉਸ ਦੀ ਮੌਤ ਹੋ ਗਈ | ਉਸਦੇ ਬੇਟੇ ਕੈਨੇਡਾ ਹੋਣ ਕਾਰਨ ਮਿ੍ਤਕ ਦੇਹ ਨੂੰ ਉਨ੍ਹਾਂ ਨੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ | ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਬੀਤੇ ਸੋਮਵਾਰ ਨੂੰ ਮਿ੍ਤਕ ਦੇਹ ਲੈਣ ਲਈ ਹਸਪਤਾਲ ਪਹੁੰਚੇ ਤਾਂ ਉੱਥੇ ਜਸਬੀਰ ਕੌਰ ਦੀ ਜਗ੍ਹਾ ਕਿਸੇ ਹੋਰ ਮਹਿਲਾ ਮੰਜੂ ਦੀਵਾਨ ਦੀ ਮਿ੍ਤਕ ਦੇਹ ਮਿਲੀ | ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਜਾਣ ਬੁਝ ਕੇ ਹਸਪਤਾਲ ਪ੍ਰਬੰਧਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਕੇਸ ਹਸਪਤਾਲ ਦੇ ਸਟਾਫ ਤੇ ਦਰਜ ਕੀਤਾ ਗਿਆ ਹੈ |