ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਯੋਗ ਵਿਦਿਆਰਥੀਆਂ ਦੀ ਸਹਾਇਤਾ ਲਈ 6 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਦੀ ਸ਼ੁਰੂਆਤ
ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਅਕਾਦਮਿਕ ਸਾਲ 2026-27 ਲਈ ਆਪਣੀ ਵਿਸਤਰਿਤ ਸਕਾਲਰਸ਼ਿਪ ਨੀਤੀ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਾਂਚ ਕੀਤੀ ਗਈ।
ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਅਕਾਦਮਿਕ ਸਾਲ 2026-27 ਲਈ ਆਪਣੀ ਵਿਸਤਰਿਤ ਸਕਾਲਰਸ਼ਿਪ ਨੀਤੀ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਅਤੇ ਚੇਅਰਮੈਨ ਸਕਾਲਰਸ਼ਿਪ ਕਮੇਟੀ ਦੇ ਨਾਲ ਬਿਪਿਨ ਗੁਪਤਾ, ਸਕੱਤਰ ਮੈਨੇਜਿੰਗ ਸੁਸਾਇਟੀ, ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕੌਸ਼ਲ ਅਤੇ ਡਾ. ਅਸ਼ਿਮਾ ਤਨੇਜਾ ਸਮੇਤ ਸੰਸਥਾ ਦੇ ਹੋਰ ਪਤਵੰਤੇ ਅਤੇ ਮੈਂਬਰ ਹਾਜ਼ਰ ਸਨ। ਕੁੱਲ 6 ਕਰੋੜ ਤੋਂ ਵੱਧ ਦੀ ਇਸ ਸਕਾਲਰਸ਼ਿਪ ਯੋਜਨਾ ਦਾ ਉਦੇਸ਼ ਵੱਖ-ਵੱਖ ਵਿਸ਼ਿਆਂ ਵਿਚ ਪੜ੍ਹ ਰਹੇ ਯੋਗ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਲਈ ਉਤਸ਼ਾਹਿਤ ਕਰਨਾ ਹੈ। ਇਸ ਵਿਚ ਐਮ.ਬੀ.ਬੀ.ਐਸ, ਨਰਸਿੰਗ, ਐਲਾਇਡ ਐਂਡ ਹੈਲਥ ਸਾਇੰਸਿਜ਼ ਅਤੇ ਫਿਜੀਓਥੈਰੇਪੀ ਸਮੇਤ ਵੱਖ-ਵੱਖ ਕੋਰਸ ਸ਼ਾਮਿਲ ਹਨ। ਇਸ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਬਿਪਿਨ ਗੁਪਤਾ ਨੇ ਦੱਸਿਆ ਕਿ ਇਸ ਨੀਤੀ ਤਹਿਤ ਵੱਖ-ਵੱਖ ਸ਼੍ਰੇਣੀਆਂ ਵਿਚ ਸਕਾਲਰਸ਼ਿਪ ਦਿੱਤੀ ਜਾਵੇਗੀ, ਜਿਨ੍ਹਾਂ ਵਿਚ ਮੈਰਿਟ-ਆਧਾਰਿਤ, ਆਮਦਨ, ਸਾਧਨ-ਆਧਾਰਿਤ, ਰੱਖਿਆ ਕਰਮਚਾਰੀਆਂ ਦੇ ਬੱਚਿਆਂ ਲਈ, ਇਕਲੌਤੀ ਧੀ, ਸਾਲਾਨਾ ਮੈਰਿਟ ਅਤੇ ਖੇਡ ਅਵਾਰਡ ਸ਼ਾਮਿਲ ਹਨ। ਨੀਤੀ ਤਹਿਤ ਐਮ.ਬੀ.ਬੀ.ਐਸ, ਨਰਸਿੰਗ, ਐਲਾਇਡ, ਫਿਜੀਓਥੈਰੇਪੀ ਅਤੇ ਹੈਲਥਕੇਅਰ ਪ੍ਰੋਗਰਾਮਾਂ ਲਈ ਪੂਰੀ ਅਤੇ ਅੰਸ਼ਿਕ ਸਕਾਲਰਸ਼ਿਪ ਦੇ ਨਾਲ ਹੋਸਟਲ ਖ਼ਰਚਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮੁਕੇਸ਼ ਵਰਮਾ ਨੇ ਕਿਹਾ ਕਿ ਇਸ ਸਕਾਲਰਸ਼ਿਪ ਨੀਤੀ ਰਾਹੀਂ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਲੋੜੀਂਦੀ ਸਹਾਇਤਾ ਮਿਲੇ। ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਸਕਾਲਰਸ਼ਿਪ ਨੀਤੀ ਵਿਦਿਆਰਥੀਆਂ ਨੂੰ ਮਿਹਨਤ ਕਰਨ, ਵਧੀਆ ਪ੍ਰਦਰਸ਼ਨ ਕਰਨ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਕਰੇਗੀ। ਯੋਗ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਸਿੱਖਿਆ ਲਈ ਬਿਹਤਰ ਮੌਕੇ ਪ੍ਰਦਾਨ ਕਰਨਾ ਸਾਡਾ ਯਤਨ ਹੈ। ਡਾ. ਸੰਦੀਪ ਕੌਸ਼ਲ ਨੇ ਕਿਹਾ ਕਿ ਇਹ ਨੀਤੀ ਉਨ੍ਹਾਂ ਵਿਦਿਆਰਥੀਆਂ ਨੂੰ ਮਾਨਤਾ ਅਤੇ ਇਨਾਮ ਦੇਣ ’ਤੇ ਵੀ ਕੇਂਦਰਿਤ ਹੈ, ਜੋ ਸਮਰਪਣ, ਅਕਾਦਮਿਕ ਉਤਕ੍ਰਿਸ਼ਟਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਸਕਾਲਰਸ਼ਿਪ ਕਮੇਟੀ ਵਲੋਂ ਇਸ ਯੋਜਨਾ ਦੇ ਲਾਗੂ ਕਰਨ ਅਤੇ ਸਮੇਂ-ਸਮੇਂ ’ਤੇ ਸਮੀਖਿਆ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਕਮੇਟੀ ਦੀ ਅਗਵਾਈ ਡਾ. ਗੋਸਲ ਕਰ ਰਹੇ ਹਨ। ਇਸ ਮੌਕੇ ਡਾ. ਗੋਸਲ ਨੇ ਹਸਪਤਾਲ ਪ੍ਰਬੰਧਕ ਕਮੇਟੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਯੋਗ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਵਿਸ਼ੇਸ਼ ਅਤੇ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ।