ਢੰਡਾਰੀ ਕਲਾਂ/ਲੁਧਿਆਣਾ, 27 ਦਸੰਬਰ (ਜਸਵੀਰ ਸਿੰਘ ਬੰਗਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿਚ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਥਾਂ ਥਾਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਵਿੱਚ ਕੀਰਤਨੀ ਜਥੇ, ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ, ਬੈਂਡ ਪਾਰਟੀ ਸ਼ਾਮਿਲ ਸਨ | ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ | ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਮੁੱਖ ਦਫ਼ਤਰ ਜੀਟੀ ਰੋਡ ਵਿਖੇ ਪੜਾ ਲਗਾ ਕੇ ਸੰਗਤਾਂ ਵਾਸਤੇ ਵਿਸ਼ੇਸ਼ ਤÏਰ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ | ਕੌਂਸਲਰ ਜਸਵਿੰਦਰ ਸਿੰਘ ਵੀਰੂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ, ਮੋਹਨ ਸਿੰਘ ਸੈਕਟਰੀ, ਨਿਰਮਲ ਸਿੰਘ ਲੰਬੜਦਾਰ, ਜਸਵੀਰ ਸਿੰਘ, ਜਗਦੇਵ ਸਿੰਘ ਜੱਗੀ, ਪ੍ਰੇਮ ਸਿੰਘ, ਮੋਹਨ ਸਿੰਘ, ਹਰਪ੍ਰੀਤ ਸਿੰਘ, ਬਲਰਾਜ ਝੁੰਨੇਰ, ਰਵੀ ਵਰਮਾ, ਡਾਕਟਰ ਰਜਿੰਦਰ ਸਿੰਘ, ਜਗਜੀਤ ਸਿੰਘ, ਰਵਿੰਦਰ ਸਿੰਘ, ਰੇਸ਼ਮ ਸਿੰਘ ਤੇ ਹੋਰ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਨਗਰ ਦੀ ਪਰਿਕਰਮਾ ਕੀਤੀ | ਕੌਂਸਲਰ ਵੀਰੂ ਵਲੋਂ ਸਮੁੱਚੀ ਮਾਨਵਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਸਾਹਿਬਜ਼ਾਦਿਆਂ ਤੇ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ 'ਤੇ ਨਮਨ ਕੀਤਾ | ਨਗਰ ਕੀਰਤਨ ਵਿਚ ਸ਼ਾਮਿਲ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ | ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਤੇ ਸੁਖਦੇਵ ਸਿੰਘ ਨੇ ਨਗਰ ਕੀਰਤਨ ਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ |