ਲੁਧਿਆਣਾ, 30 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਉਤਰੀ ਵਿਖੇ ਬਸੰਤ ਨਗਰ ਇਲਾਕੇ ਵਿਚ ਦੇਰ ਰਾਤ ਗਲੀ ਨੰਬਰ 6 ਵਿਚ ਸਥਿਤ ਇਕ ਕਬਾੜ ਦੇ ਬਹੁਮੰਜ਼ਿਲਾ ਗੋਦਾਮ ਨੰੂ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ ਸੀ ਕਿ ਗੋਦਾਮ ਵਿਚ ਪਿਆ ਲੱਖਾਂ ਰੁਪਏ ਦਾ ਕਬਾੜੀ ਸਾਮਾਨ ਸੜਕੇ ਸੁਆਹ ਹੋ ਗਿਆ ਅਤੇ ਗੋਦਾਮ ਦੀਆਂ ਉਪਰੀ ਤਿੰਨ ਮੰਜ਼ਿਲਾਂ ਦਾ ਲੈਂਟਰ ਵੀ ਢਹਿ ਗਿਆ | ਅੱਗ ਕਾਰਨ ਗੋਦਾਮ ਦੇ ਪਿਛਲੇ ਪਾਸੇ ਨਾਲ ਲੱਗਦਾ ਇਕ ਘਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ | ਜਦਕਿ ਨਾਲ ਲੱਗਦੇ ਇਕ ਹੋਰ ਘਰ ਦੀ ਉਪਰਲੀ ਦੀਵਾਰ ਡਿੱਗ ਗਈ | ਸਾਹਮਣੇ ਇਕ ਘਰ 'ਚ ਲੱਗੇ ਕੱਚ ਦੇ ਸ਼ੀਸ਼ੇ ਵੀ ਟੁੱਟ ਗਏ | ਧੂੰਏਾ ਦੇ ਗੁਬਾਰ ਨਾਲ ਸਾਰਾ ਇਲਾਕਾ ਭਰ ਗਿਆ, ਜਿਸ ਵਿਚ ਲੋਕ ਘਬਰਾਹਟ ਵਿਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇਲਾਕੇ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ | ਜਾਣਕਾਰੀ ਅਨੁਸਾਰ ਦੇਰ ਰਾਤ ਕੁੱਝ ਸਥਾਨਕ ਲੋਕਾਂ ਨੇ ਉਕਤ ਗੋਦਾਮ ਦੇ ਉਪਰ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਤੁਰੰਤ ਗੋਦਾਮ ਮਾਲਕ ਨੰੂ ਸੂਚਿਤ ਕੀਤਾ | ਮਾਲਕ ਨੇ ਆਪਣੇ ਕਰਮਚਾਰੀਆਂ ਨਾਲ ਮਿਲਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਤਿੰਨ ਮੰਜ਼ਿਲਾਂ ਤੱਕ ਕਬਾੜ ਦੇ ਸਾਮਾਨ ਨਾਲ ਭਰੇ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ | ਹਾਲਾਤ ਕਾਬੂ ਤੋਂ ਬਾਹਰ ਹੋਣ 'ਤੇ ਫਾਇਰ ਬਿ੍ਗੇਡ ਨੰੂ ਸੂਚਨਾ ਦਿੱਤੀ ਗਈ | ਗਲੀ ਵਿਚ ਵਾਹਨਾਂ ਦੀ ਭੀੜ ਕਾਰਨ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੰੂ ਮੌਕੇ ਤੱਕ ਪਹੁੰਚਣ ਵਿਚ ਕਾਫੀ ਮੁਸ਼ਕਲਾਂ ਆਈਆਂ | ਇਸਦੇ ਬਾਵਜੂਦ ਕਰੀਬ 50 ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਲਗਭਗ 10 ਘੰਟਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਘਟਨਾ ਦੀ ਜਾਣਕਾਰੀ ਮਿਲਣ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਕੌਂਸਲਰ ਅਮਨ ਬੱਗਾ, ਕੌਂਸਲਰ ਮਨਜੀਤ ਢਿਲੋਂ, ਇਲਾਕਾ ਕੌਂਸਲਰ ਨੀਰਜ ਆਹੂਜਾ ਅਤੇ ਏਟੀਪੀ ਗੁਰਵਿੰਦਰ ਸਿੰਘ ਲੱਕੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਦੇਰ ਸ਼ਾਮ ਵਿਧਾਇਕ ਮਦਨ ਲਾਲ ਬੱਗਾ ਵੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਮੌਕੇ 'ਤੇ ਪੁੱਜੇ | ਉਨ੍ਹਾਂ ਵਲੋਂ ਵੀ ਸਥਿਤੀ ਜਾਇਜ਼ਾ ਲਿਆ ਗਿਆ | ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ |
ਦੇਰ ਰਾਤ ਬਸੰਤ ਨਗਰ 'ਚ ਕਬਾੜ ਗੁਦਾਮ ਸੜਿਆ <br/>
ਅਜੀਤ ਡੈਸਕ
31-12-2025