ਡੇਰਾਬੱਸੀ, 2 ਜੂਨ (ਰਣਬੀਰ ਸਿੰਘ ਪੜ੍ਹੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡੇਰਾਬੱਸੀ ਦੀ ਜੀ. ਬੀ. ਪੀ. ਰੋਜ਼ਵੁੱਡ ਸੁਸਾਇਟੀ ਦੇ ਘਰਾਂ 'ਚ ਜਾਰੀ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ 40 ਦਿਨ ਪੂਰੇ ਹੋਣ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਹ ਸਮਾਗਮ ਰੋਜ਼ਵੁੱਡ ਸੁਸਾਇਟੀ ਵਿਚਲੇ ਕਲੱਬ ਹਾਊਸ ਵਿਖੇ ਸਮੁੱਚੇ ਕਾਲੋਨੀ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ, ਜਿਥੇ ਕਿ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਤੋਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਚੰਡੀਗੜ੍ਹ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ, ਜਦ ਕਿ ਕਰਨਵੀਰ ਸਿੰਘ ਸੈਕਟਰ-70 ਮੁਹਾਲੀ ਦੇ ਜਥੇ ਵਲੋਂ ਕੀਰਤਨ ਕੀਤਾ | ਇਸ ਮੌਕੇ ਸੁਸਾਇਟੀ ਦੇ ਮੈਂਬਰ ਭਵਜੀਤ ਸਿੰਘ ਵਲੋਂ ਵੀ ਸ਼ਬਦ ਕੀਰਤਨ ਕੀਤਾ | ਸਮਾਗਮ ਦੀ ਸਮਾਪਤੀ ਉਪਰੰਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ |