ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਹਾਲ ਹੀ ਵਿਚ ਬਿਹਾਰ ਵਿਖੇ ਹੋਈਆਂ 'ਖੇਲੋ ਇੰਡੀਆ ਯੂਥ ਗੇਮਜ਼-2025' ਦੌਰਾਨ ਪੰਜਾਬ ਦੀ ਵਾਲੀਬਾਲ ਟੀਮ ਨੇ ਕਾਂਸੇ ਦਾ ਤਗ਼ਮਾ ਜਿੱਤ ਕੇ ਸੂਬੇ ਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਇਸ ਟੀਮ ਦੇ ਖਿਡਾਰੀ ਸਿਮਰਨਜੀਤ ਸਿੰਘ ਜੋ ਕਿ ਸਥਾਨਕ ਫੇਜ਼-7 ਦੇ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਹੈ, ਨੇ ਇਸ ਪ੍ਰਾਪਤੀ ਨਾਲ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਸਿਮਰਨਜੀਤ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਸਪੋਰਟਸ ਇੰਸਟੀਚਿਊਟ ਮੁਹਾਲੀ ਦੇ ਕੋਚ ਸਪਿੰਦਰ ਸਿੰਘ ਤੇ ਆਪਣੇ ਪਿਤਾ ਪੰਜਾਬ ਪੁਲਿਸ 'ਚ ਏ. ਐੱਸ. ਆਈ. ਵਜੋਂ ਤਾਇਨਾਤ ਦਵਿੰਦਰ ਸਿੰਘ ਤੇ ਮਾਤਾ ਚਰਨਜੀਤ ਕੌਰ ਨੂੰ ਦਿੰਦਿਆਂ ਕਿਹਾ ਕਿ ਮਾਪਿਆਂ ਵਲੋਂ ਉਸ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗਈ, ਜਦ ਕਿ ਕੋਚ ਵਲੋਂ ਕਰਵਾਈ ਮਿਹਨਤ ਸਦਕਾ ਉਹ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਟੀਮ ਦਾ ਹਿੱਸਾ ਬਣਨ 'ਚ ਸਫ਼ਲ ਹੋਇਆ ਸੀ | ਉਸ ਦੇ ਕੋਚ ਸਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਟੀਮ ਦੇ ਹਰੇਕ ਖਿਡਾਰੀ ਨੇ ਸੂਬੇ ਦਾ ਮਾਣ ਵਧਾਇਆ ਹੈ ਤੇ ਭਵਿੱਖ 'ਚ ਸੋਨੇ ਦਾ ਤਗ਼ਮਾ ਜਿੱਤਣ ਲਈ ਟੀਮ ਹੋਰ ਸਖ਼ਤ ਮਿਹਨਤ ਕਰੇਗੀ | ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 'ਖੇਡਾਂ ਵਤਨ ਪੰਜਾਬ ਦੀਆਂ-2023' 'ਚ ਉਸ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ, ਜਦ ਕਿ ਨੈਸ਼ਨਲ ਪੱਧਰ ਦੀਆਂ ਸਕੂਲ ਖੇਡਾਂ ਵਿਚ ਉਸ ਦੀ ਟੀਮ ਤੀਜੇ ਸਥਾਨ 'ਤੇ ਰਹੀ ਸੀ |