ਮਾਜਰੀ, 3 ਜੂਨ (ਕੁਲਵੰਤ ਸਿੰਘ ਧੀਮਾਨ)-ਸਬ ਤਹਿਸੀਲ ਮਾਜਰੀ ਦੇ ਫ਼ਰਦ ਕੇਂਦਰ ਵਿਖੇ ਕੰਮ ਕਰਦੇ ਕਰਮਚਾਰੀਆਂ ਵਲੋਂ ਕਲਮਛੋੜ ਹੜਤਾਲ ਕੀਤੇ ਜਾਣ ਕਾਰਨ ਪਿੰਡਾਂ ਦੇ ਲੋਕ ਫ਼ਰਦਾਂ ਹਾਸਿਲ ਕਰਨ ਲਈ ਖੱਜਲ-ਖੁਆਰ ਹੁੰਦੇ ਰਹੇ | ਇਸ ਮੌਕੇ ਪ੍ਰੇਸ਼ਾਨ ਲੋਕਾਂ ਨੇ ਸਰਕਾਰੀ ਸਿਸਟਮ ਨੂੰ ਭੰਡਦਿਆਂ ਕਿਹਾ ਕਿ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਸਿਸਟਮ ਤਹਿਸ-ਨਹਿਸ ਹੋ ਕੇ ਰਹਿ ਗਿਆ ਹੈ | ਸਰਕਾਰ ਵਲੋਂ ਚਲਾਏ ਜਾ ਰਹੇ ਫ਼ਰਦ ਕੇਂਦਰ ਤੇ ਸੁਵਿਧਾ ਕੇਂਦਰ ਲੋਕਾਂ ਨੂੰ ਸੁਵਿਧਾ ਦੇਣ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਬਣ ਗਏ ਹਨ | ਓਧਰ ਦੂਜੇ ਪਾਸੇ ਸਬ-ਤਹਿਸੀਲ ਮਾਜਰੀ ਦੇ ਫ਼ਰਦ ਕੇਂਦਰ 'ਚ ਕੰਮ ਕਰਦੇ ਬਲਰਾਜ ਸਿੰਘ, ਜਸਪ੍ਰੀਤ ਸਿੰਘ, ਕੌਸ਼ੱਲਿਆ ਚੌਹਾਨ, ਸੀਮਾ ਚੌਹਾਨ ਤੇ ਕੁਲਵਿੰਦਰ ਕੌਰ ਆਦਿ ਕਰਮਚਾਰੀਆਂ ਨੇ ਦੱਸਿਆ ਕਿ ਅਸੀਂ ਪਿਛਲੇ ਲਗਪਗ 10-12 ਸਾਲਾਂ ਤੋਂ ਫ਼ਰਦ ਕੇਂਦਰ 'ਚ ਕੰਮ ਕਰਦੇ ਆ ਰਹੇ ਹਾਂ, ਪਰ ਸਰਕਾਰ ਵਲੋਂ ਸਾਨੂੰ ਸਹੂਲਤਾਂ ਦੇਣ ਦੀ ਥਾਂ ਪਿਛਲੇ ਦੋ ਮਹੀਨਿਆਂ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਸਾਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਅੱਜ ਮਜ਼ਬੂਰ ਹੋ ਕੇ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਕਲਮਛੋੜ ਹੜਤਾਲ 'ਤੇ ਜਾਣਾ ਪਿਆ ਹੈ | ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਯੱੁਗ 'ਚ ਸਾਨੂੰ ਮਿਲਣ ਵਾਲੀ ਤਨਖ਼ਾਹ ਬਹੁਤ ਘੱਟ ਹੈ, ਜਿਸ ਨਾਲ ਮਸਾਂ ਹੀ ਘਰ ਦਾ ਗੁਜਾਰਾ ਚਲਦਾ ਹੈ, ਪਰ ਹੁਣ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਵਲੋਂ ਸਾਨੂੰ ਨਿਗੁਣੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਪਿਛਲੇ ਲੰਮੇ ਸਮੇਂ ਤੋਂ ਫ਼ਰਦ ਕੇਂਦਰਾਂ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ |