ਐੱਸ. ਏ. ਐੱਸ. ਨਗਰ, 3 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੀ ਸ਼ਾਮਲਾਤ ਜ਼ਮੀਨਾਂ ਨੂੰ ਗ਼ੈਰਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਇਕ ਮਹੱਤਵਪੂਰਨ ਘਟਨਾਕ੍ਰਮ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਝੰਜੇੜੀ 'ਚ 191 ਏਕੜ ਕੀਮਤੀ ਸ਼ਾਮਲਾਤ ਜ਼ਮੀਨ ਦਾ ਸਫ਼ਲਤਾਪੂਰਵਕ ਕਬਜ਼ਾ ਲੈ ਲਿਆ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸ ਨੂੰ ਰਸਮੀ ਤੌਰ 'ਤੇ ਗ੍ਰਾਮ ਪੰਚਾਇਤ ਝੰਜੇੜੀ ਨੂੰ ਸੌਂਪ ਦਿੱਤ ਗਿਆ | ਜ਼ਮੀਨ ਦੀ ਬਾਜ਼ਾਰੀ ਕੀਮਤ ਲਗਪਗ 2,000 ਕਰੋੜ ਰੁ. ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਇਸ ਬਾਬਤ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਦੱਸਿਆ ਕਿ ਕਬਜ਼ੇ ਦੀ ਕਾਰਵਾਈ ਅੱਜ ਸਵੇਰੇ ਦੋ ਡਿਊਟੀ ਮੈਜਿਸਟ੍ਰੇਟਾਂ ਦਿਵਿਆ ਪੀ ਐਸ. ਡੀ. ਐਮ. ਖਰੜ ਤੇ ਅਮਿਤ ਗੁਪਤਾ ਐਸ. ਡੀ. ਐਮ. ਡੇਰਾਬੱਸੀ ਦੀ ਮੌਜੂਦਗੀ 'ਚ ਅਮਲ 'ਚ ਲਿਆਂਦੀ ਗਈ | ਇਸ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਸ. ਪੀ. (ਹੈੱਡਕੁਆਰਟਰ) ਰਮਨਦੀਪ ਸਿੰਘ ਤੇ ਐਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਭਾਰੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ | ਵਿਭਾਗ ਵਲੋਂ ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ. ਡੀ. ਪੀ. ਓ.) ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਦੇ ਪੰਚਾਇਤੀ ਜ਼ਮੀਨ ਦੇ ਕੁਲੈਕਟਰ ਅਮਰਿੰਦਰ ਸਿੰਘ ਚੌਹਾਨ ਵਲੋਂ ਬੀਤੀ 25 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਫਰਵਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਸੀ | ਇਸ ਮੌਕੇ ਡੀ. ਡੀ. ਪੀ. ਓ. ਗਰੇਵਾਲ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਪ੍ਰਸ਼ਾਸਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਦੇ ਨਿਰਦੇਸ਼ਾਂ ਹੇਠ ਹੀ ਸੰਭਵ ਹੋ ਸਕਿਆ | ਇਸ ਦੌਰਾਨਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ, ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ | ਇਸ ਜ਼ਮੀਨ 'ਤੇ ਲਗਪਗ 105 ਧਿਰਾਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ | ਜ਼ਮੀਨ ਖਾਲੀ ਹੋਣ ਤੋਂ ਬਾਅਦ ਗ੍ਰਾਮ ਪੰਚਾਇਤ ਝੰਜੇੜੀ ਦੇ ਪ੍ਰਸ਼ਾਸਕ ਅਮਿਤ ਕੁਮਾਰ ਨੂੰ ਅਧਿਕਾਰਤ ਕਬਜ਼ਾ ਸੌਂਪ ਦਿੱਤਾ ਗਿਆ | ਇਸ ਮੌਕੇ ਮਹਿਕਮੀਤ ਸਿੰਘ ਬੀ. ਡੀ. ਪੀ. ਓ. ਖਰੜ ਅਤੇ ਗੁਰਵਿੰਦਰ ਕੌਰ ਤਹਿਸੀਲਦਾਰ ਖਰੜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਮੇਤ ਪੁਲਿਸ ਵਿਭਾਗ ਤੇ ਮਾਲ ਵਿਭਾਗ ਦਾ ਸਟਾਫ਼ ਵੀ ਹਾਜ਼ਰ ਸੀ | ਇਸ ਮੌਕੇ ਡੀ. ਡੀ. ਪੀ. ਓ. ਗਰੇਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਭਾਗ ਵਲੋਂ ਨਾਜਾਇਜ਼ ਕਬਜ਼ੇ 'ਚੋਂ ਛੁਡਵਾਈ ਗਈ ਇਸ ਜ਼ਮੀਨ 'ਚ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਕਰਨ 'ਤੇ ਸੰਬੰਧਤ ਵਿਅਕਤੀ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇਗਾ |