ਚੰਡੀਗੜ੍ਹ, 4 ਜੂਨ (ਮਾਰਕੰਡਾ)- ਮੁਲਾਜ਼ਮ ਜੱਥੇਬੰਦੀ ਸੀ.ਟੀ.ਯੂ ਵਰਕਰਜ਼ ਯੂਨੀਅਨ ਨੇ ਮੈਨੇਜਰ ਦੀ ਧੱਕੇਸ਼ਾਹੀ, ਰੋਜ਼ਾਨਾ ਆਮ ਵਰਕਰਾਂ ਨਾਲ ਬਦਜ਼ਬਾਨੀ ਅਤੇ ਸੈਕਟਰ 43 ਬੱਸ ਸਟੈਂਡ ਵਿਚ ਹੋ ਰਹੇ ਨਾਜਾਇਜ਼ ਕੰਮਾਂ ਨੂੰ ਰੋਕਣ ਲਈ ਜੀ. ਐਮ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਵਰਕਰਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਵੀ ਪ੍ਰਦਰਸ਼ਨ ਕਰਦੇ ਰਹਾਂਗੇ | ਜਾਣਕਾਰੀ ਦਿੰਦੇ ਹੋਏ ਮੰਚ ਸੰਚਾਲਕ ਜਨਰਲ ਸਕੱਤਰ ਧਰਮਿੰਦਰ ਸਿੰਘ ਰਾਹੀ, ਮੰਚ ਤੋਂ ਪ੍ਰਧਾਨ ਜੋਗਿੰਦਰ ਸਿੰਘ, ਰਵੀਸ਼ ਕੁਮਾਰ, ਹਾਕਮ ਸਿੰਘ, ਦਿਨੇਸ਼ ਕੁਮਾਰ, ਓਮ ਪ੍ਰਕਾਸ਼, ਸੁਰਿੰਦਰ ਸਿੰਘ, ਅਮਰਦੀਪ ਸਿੰਘ,ਅਤਰ ਸਿੰਘ, ਜਤਿੰਦਰ ਪਾਲ, ਭੁਪਿੰਦਰ ਸਿੰਘ,ਅਸ਼ੋਕ ਕੁਮਾਰ, ਰੋਹਤਾਸ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਸਾਲਾ ਵਿਚ ਇੱਥੇ ਕਈ ਤਰ੍ਹਾਂ ਦੇ ਘਪਲੇ ਹੋਏ | ਇਸ ਤੋਂ ਇਲਾਵਾ ਦਿੱਲੀ ਰੋਡ 'ਤੇ ਢਾਬਿਆਂ ਦਾ ਮੁੱਦਾ ਵੀ ਚਰਚਾ ਵਿਚ ਹੈ | ਇਸੇ ਅਧਿਕਾਰੀ ਦੀ ਆਦਤ ਹੈ, ਕਿਸੇ ਵੀ ਕੰਮ ਲਈ ਮਿਲਣ ਗਈ ਯੂਨੀਅਨ ਜਾਂ ਕਰਮਚਾਰੀਆਂ ਦੀ ਬੇਇੱਜ਼ਤੀ ਕਰਦਾ ਹੈ | ਵਿਭਾਗ ਵਿਚ 60 ਨਵੀਆਂ ਬੱਸਾਂ ਆਉਣ ਤੇ ਵਿਭਾਗ ਵੱਲੋਂ ਲੰਮੀ ਦੂਰੀ ਦੀਆਂ ਬੱਸਾਂ ਦਾ ਸ਼ੈਡਿਊਲ 155 ਤੋਂ 189 ਬੱਸਾਂ ਦਾ ਕੀਤਾ ਗਿਆ ਹੈ | ਰੋਜ਼ਾਨਾ ਦੇ ਕਵਰ ਕਿਲੋਮੀਟਰ 55000 ਤੋਂ ਵਧ ਕੇ 75000 ਹੋ ਗਏ ਹਨ ਪਰੰਤੂ ਵਿਭਾਗ ਦੀ ਆਮਦਨੀ ਜਿਉਂ ਦੀ ਕਿਉਂ ਹੈ | ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਰੋਜ਼ ਹੀ ਸੀ.ਟੀ.ਯੂ ਦੇ ਕਰਮਚਾਰੀਆਂ ਨੂੰ ਧਮਕਾਉਂਦੇ ਰਹਿੰਦੇ ਹਨ | ਪਰੰਤੂ ਸ਼ਿਕਾਇਤ ਕਰਨ 'ਤੇ ਬਰਾਂਚ ਦੇ ਕਰਿੰਦੇ ਉਲਟਾ ਵਿਭਾਗ ਦੇ ਕਰਮਚਾਰੀਆਂ ਨੂੰ ਕਾਰਵਾਈ ਨਾ ਹੋਣ ਦੀ ਗੱਲ ਕਹਿ ਕੇ ਚੁੱਪ ਰਹਿਣ ਦੀ ਸਲਾਹ ਦਿੰਦੇ ਹਨ | ਹਿਮਾਚਲ ਰੋਡਵੇਜ਼ ਦੁਆਰਾ ਸੀ.ਟੀ.ਯੂ ਵਿਭਾਗ ਤੋਂ ਅਲਾਟ ਇਨਕੁਆਰੀ ਕਾਊਾਟਰ ਨੂੰ ਐਡਵਾਂਸ ਬੁਕਿੰਗ ਲਈ ਪ੍ਰਯੋਗ ਕਰ ਕੇ ਸੀ.ਟੀ.ਯੂ ਨੂੰ ਰੋਜ਼ਾਨਾ ਹੀ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ | ਅੱਜ ਦੇ ਐਕਸ਼ਨ ਵਿਚ ਸੰਜੀਵ ਕੁਮਾਰ, ਕਰਨੈਲ ਸਿੰਘ, ਹਰਵਿੰਦਰ ਸਿੰਘ, ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਮਲਕੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ | ਅੱਜ ਦੇ ਰੋਸ ਧਰਨੇ ਵਿਚ ਚੰਡੀਗੜ੍ਹ ਦੀਆਂ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਕਿ੍ਸ਼ਨ ਕੁਮਾਰ ਚੱਢਾ, ਗੋਪਾਲ ਦੱਤ ਜੋਸ਼ੀ, ਰਘਵੀਰ ਚੰਦ, ਰਜਿੰਦਰ ਕਟੋਚ, ਏਟਕ ਦੇ ਸੀਨੀਅਰ ਆਗੂ ਦੇਵੀ ਦਿਆਲ, ਰਾਜਕੁਮਾਰ, ਫੈਡਰੇਸ਼ਨ ਤੋਂ ਰਾਜਿੰਦਰ ਕੁਮਾਰ, ਰਣਵੀਰ ਰਾਣਾ ਨੇ ਵੀ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਸੰਘਰਸ਼ ਵਿਚ ਸ਼ਮੂਲੀਅਤ ਕੀਤੀ |