ਮਾਜਰੀ, 4 ਜੂਨ (ਕੁਲਵੰਤ ਸਿੰਘ ਧੀਮਾਨ)-ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਇਲਾਕਾ ਨਿਵਾਸੀਆਂ ਦੀ ਮੰਗ 'ਤੇ ਮਾਜਰੀ ਸਬ-ਤਹਿਸੀਲ ਦਾ ਦੌਰਾ ਕਰਕੇ ਤਹਿਸੀਲਦਾਰ ਨਾਲ ਮੀਟਿੰਗ ਕੀਤੀ ਗਈ | ਇਸੇ ਮੌਕੇ ਉਨ੍ਹਾਂ ਤਹਿਸੀਲਦਾਰ ਦੇ ਧਿਆਨ 'ਚ ਲਿਆਂਦਾ ਕਿ ਸੰਨ 1992 ਵਿਚ ਕਾਂਗਰਸੀ ਪਾਰਟੀ ਦੀ ਸਰਕਾਰ ਸਮੇਂ ਲੋਕਾਂ ਦੀ ਮੰਗ 'ਤੇ ਮਾਜਰੀ ਵਿਖੇ ਨਵੀਂ ਸਬ-ਤਹਿਸੀਲ ਬਣਾਈ ਗਈ ਸੀ ਅਤੇ ਸਮੇਂ ਤੋਂ ਹੀ ਮਾਜਰੀ ਸਬ-ਤਹਿਸੀਲ ਦਾ ਦਫ਼ਤਰ ਬੀ. ਡੀ. ਪੀ. ਓ. ਦਫ਼ਤਰ ਦੀ ਇਮਾਰਤ ਵਿਚ ਹੀ ਚੱਲ ਰਿਹਾ ਹੈ | ਕੁਝ ਸਮਾਂ ਪਹਿਲਾਂ ਮਾਜਰੀ ਸਬ-ਤਹਿਸੀਲ ਲਈ ਚਾਰ ਕਨਾਲ ਜ਼ਮੀਨ ਵੀ ਉਪਲੱਬਧ ਕਰਵਾ ਦਿੱਤਾ ਗਈ ਸੀ, ਪਰ ਇਸ ਦੇ ਬਾਵਜੂਦ ਅੱਜ ਤੱਕ ਬੀ. ਡੀ. ਪੀ. ਓ. ਅਤੇ ਨਾਇਬ ਤਹਿਸੀਲਦਾਰ ਮਾਜਰੀ ਦਾ ਆਪਸ 'ਚ ਸਹੀ ਤਾਲਮੇਲ ਤੇ ਪੈਰਵਾਈ ਨਾ ਹੋਣ ਕਾਰਨ ਨਵੀਂ ਬਣਨ ਵਾਲੀ ਸਬ-ਤਹਿਸੀਲ ਮਾਜਰੀ ਦੀ ਬਿਲਡਿੰਗ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਸਬ-ਤਹਿਸੀਲ ਮਾਜਰੀ ਦੀ ਇਮਾਰਤ ਸੰਬੰਧੀ ਉਹ ਬੀਤੀ 27 ਮਈ ਨੂੰ ਮਾਲ ਮੰਤਰੀ, ਐਫ. ਸੀ. ਆਰ. ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੱਤਰ-ਵਿਹਾਰ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਬ-ਤਹਿਸੀਲ ਮਾਜਰੀ ਵਿਖੇ ਰੋਜ਼ਾਨਾ ਵੱਡੀ ਗਿਣਤੀ ਲੋਕ ਆਪਣੇ ਕੰਮਾਂਕਾਰਾਂ ਲਈ ਆਉਂਦੇ ਹਨ, ਪਰ ਇਥੇ ਸਟਾਫ਼ ਅਤੇ ਲੋਕਾਂ ਦੇ ਬੈਠਣ ਲਈ ਢੁਕਵੀਂ ਇਮਾਰਤ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੰਗ ਨੇ ਮਾਜਰੀ ਤਹਿਸੀਲ ਦੇ ਦੌਰੇ ਉਪਰੰਤ ਮੌਜੂਦਾ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਇਕ ਵਾਰ ਮੁੜ ਤੋਂ ਮਾਲ ਮੰਤਰੀ, ਐਫ. ਸੀ. ਆਰ. ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਲੋੜੀਂਦਾ ਦਖ਼ਲ ਦਿੰਦੇ ਹੋਏ ਸਮਾਂਬੱਧ ਤਰੀਕੇ ਨਾਲ ਲੋਕ-ਹਿੱਤ 'ਚ ਸਬ-ਤਹਿਸੀਲ ਮਾਜਰੀ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇ |