ਐੱਸ. ਏ. ਐੱਸ. ਨਗਰ, 4 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਕੈਨਪਲੱਸ ਗਲੋਬਲ ਕੰਸਲਟੈਂਸੀ ਸਰਵਿਸਿਜ਼ ਅਤੇ ਓਵਰ ਦਾ ਸੀਅ ਇੰਮੀਗ੍ਰੇਸ਼ਨ ਸਰਵਿਸਿਜ਼ ਨਾਮਕ ਦੋ ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਦੱਸਿਆ ਕਿ ਕੈਨਪਲੱਸ ਗਲੋਬਲ ਕੰਸਲਟੈਂਸੀ ਸਰਵਿਸਿਜ਼ ਫਰਮ ਦਾ ਦਫ਼ਤਰ ਬੂਥ ਨੰ. 73 ਫੇਜ਼-7 ਮੁਹਾਲੀ ਤੋਂ ਤਬਦੀਲ ਹੋ ਕੇ ਐਸ. ਸੀ. ਓ. ਨੰ. 239 ਪਹਿਲੀ ਮੰਜ਼ਿਲ ਸੈਕਟਰ-117 ਟੀ. ਡੀ. ਆਈ. ਜ਼ਿਲ੍ਹਾ ਮੁਹਾਲੀ ਵਿਖੇ ਗਿਆ ਸੀ | ਇਸ ਫਰਮ ਦੇ ਮਾਲਕ ਗੌਰਵ ਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸਰਬਜੀਤ ਕੌਰ ਪਤਨੀ ਗੌਰਵ ਪ੍ਰੀਤ ਸਿੰਘ ਵਾਸੀ ਮ. ਨੰ. ਐਚ. ਐਮ-21 ਫੇਜ਼-2 ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 28 ਨਵੰਬਰ 2024 ਨੂੰ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਲਾਇਸੰਸੀ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੰਸ ਰੀਨਿਊ ਨਾ ਕਰਵਾ ਕੇ, ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਸੰਬੰਧੀ ਸੂਚਨਾ ਨਾ ਭੇਜ ਕੇ, ਦਫ਼ਤਰ ਬੰਦ ਰੱਖ ਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਲਿਹਾਜ਼ਾ ਇਸ ਫਰਮ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਓਵਰ ਦਾ ਸੀਅ ਇੰਮੀਗ੍ਰੇਸ਼ਨ ਸਰਵਿਸਿਜ਼ (ਐਸ. ਸੀ. ਓ. ਨੰ. 22 ਸੈਕਟਰ-125 ਨਿਊ ਸੰਨੀ ਇਨਕਲੇਵ ਖਰੜ ਜ਼ਿਲ੍ਹਾ ਮੁਹਾਲੀ) ਦੇ ਮਾਲਕ ਰੋਹਿਤ ਕੌਸ਼ਲ ਪੁੱਤਰ ਓਮ ਪ੍ਰਕਾਸ਼ ਕੌਸ਼ਲ ਮੂਲ ਵਾਸੀ ਮਕਾਨ ਨੰ. 122 ਰੈਜ਼ੀਡੈਂਸੀ ਵਿਹਾਰ ਖੁਰਲਾ ਕਿੰਗਰਾ ਜਲੰਧਰ ਤੇ ਹਾਲ ਵਾਸੀ ਮਕਾਨ ਨੰ. 7166 ਨਿਊ ਸੰਨੀ ਇਨਕਲੇਵ ਸੈਕਟਰ-125 ਖਰੜ ਜ਼ਿਲ੍ਹਾ ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 24 ਜੂਨ 2024 ਨੂੰ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਲਾਇਸੰਸੀ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੰਸ ਰੀਨਿਊ ਨਾ ਕਰਵਾ ਕੇ, ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਸੰਬੰਧੀ ਸੂਚਨਾ ਨਾ ਭੇਜ ਕੇ, ਦਫ਼ਤਰ ਬੰਦ ਰੱਖ ਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਲਿਹਾਜ਼ਾ ਇਸ ਫਰਮ ਨੂੰ ਜਾਰੀ ਲਾਇਸੰਸ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ 'ਚ ਉਕਤ ਫਰਮ/ਲਾਇਸੰਸੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਆਦਿ ਆਉਂਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਸੰਬੰਧਤ ਫਰਮ/ਲਾਇਸੰਸੀ ਹੀ ਜ਼ਿੰਮੇਵਾਰ ਹੋਵੇਗਾ |